ਫਰੂਟੀ ਪਿਲਾ ਕੇ ਜੋੜੇ ਲੁੱਟਣ ਵਾਲੇ ਮਸ਼ਕੂਕਾਂ ਦੀਆਂ ਤਸਵੀਰਾਂ ਨਸ਼ਰ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 20 ਜੂਨ
ਇਥੋਂ ਦੀ ਪੁਲੀਸ ਨੇ ਅੱਜ ਇੱਕ ਕੇਸ ਵਿੱਚ ਲੋੜੀਂਦੇ ਤਿੰਨ ਮਸ਼ਕੂਕਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ, ਜਿਨ੍ਹਾ ਪਿਛਲੇ ਸਾਲ ਅਗਸਤ ਮਹੀਨੇ ਵਿੱਚ ਨਾਨਕਸਰ ਠਾਠ ਵਿੱਚ ਚੱਲ ਰਹੇ ਬਰਸੀ ਸਮਗਮਾਂ ਵਿੱਚ ਸ਼ਾਮਲ ਹੋਏ ਜੋੜੇ ਗੁਰਸ਼ਰਨਜੀਤ ਸਿੰਘ ਤੇ ਕੰਵਲਜੀਤ ਕੌਰ ਨੂੰ ਨਸ਼ੀਲੀ ਫਰੂਟੀ ਪਿਲਾ ਕੇ ਉਨ੍ਹਾਂ ਦਾ ਸਾਰਾ ਸੋਨਾ ਤੇ ਨਕਦੀ ਲੁੱਟ ਲਏ ਸਨ। ਇਸ ਵਾਰਦਾਤ ਵਿੱਚ ਪਤੀ ਦੀ ਮੌਤ ਹੋ ਗਈ ਸੀ, ਜਦਕਿ ਪਤਨੀ ਅੱਜ ਤੱਕ ਇਨਸਾਫ਼ ਲਈ ਧੱਕੇ ਖਾ ਰਹੀ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਸਾਲ 23 ਅਗਸਤ 2024 ਨੂੰ ਮੁਲਜ਼ਮਾਂ ਨੇ ਕਮਰੇ ਵਿੱਚ ਅਰਾਮ ਕਰ ਰਹੇ ਜੋੜੇ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਫਰੂਟੀ ਪਿਲਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਕੁਝ ਸਮੇਂ ਬਾਅਦ ਜਦੋਂ ਕੰਵਲਜੀਤ ਨੂੰ ਸੁਰਤ ਆਈ ਤਾਂ ਉਸ ਨੂੰ ਪਤਾ ਲੱਗਿਆ ਕਿ ਉਨ੍ਹਾਂ ਦਾ ਸਾਰਾ ਕੁਝ ਲੁੱਟਿਆ ਗਿਆ ਹੈ। ਗੁਰਸ਼ਰਨਜੀਤ ਸਿੰਘ ਨੂੰ ਹੋਸ਼ ਨਾ ਆਉਣ ’ਤੇ ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਉਸ ਵੇਲੇ ਕੰਵਲਜੀਤ ਕੌਰ ਵੱਲੋਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਪੁਲੀਸ ਨੇ ਇਸ ਕੇਸ ਵੱਲ ਖਾਸ ਤਵੱਜੋ ਨਾ ਦਿੱਤੀ। ਇਸ ਮਗਰੋਂ ਸੁਪਰੀਮ ਕੋਰਟ ਦੇ ਹੁਕਮ ਮਗਰੋਂ ਬੀਤੀ 23 ਜਨਵਰੀ ਨੂੰ ਰਚਨਾ ਬਰਿੰਦਾਬਨ, ਰਿੰਗ ਰੋਡ ਚੌਕ ਮਾਨਕਪੁਰ, ਨਾਗਪੁਰ (ਮਹਾਂਰਾਸਟਰ) ਦੀ ਰਹਿਣ ਵਾਲੀ ਕੰਵਲਜੀਤ ਕੌਰ ਦੀ ਸ਼ਿਕਾਇਤ ’ਤੇ ਥਾਣਾ ਸ਼ਹਿਰੀ ਦੀ ਪੁਲੀਸ ਨੇ ਅਣਪਛਾਤਿਆਂ ਖ਼ਿਲਾਫ਼ ਕਤਲ ਤੇ ਚੋਰੀ ਦਾ ਕੇਸ ਦਰਜ ਕੀਤਾ ਪਰ ਮਗਰੋਂ ਇਸ ਸਬੰਧ ਵਿੱਚ ਪੁਲੀਸ ਨੇ ਨਾ ਕੋਈ ਗ੍ਰਿਫ਼ਤਾਰੀ ਕੀਤੀ ਤੇ ਨਾ ਹੀ ਕੋਈ ਛਾਣਬੀਣ ਕੀਤੀ। ਕੰਵਲਜੀਤ ਕੌਰ ਨੇ ਵਿਸਰਾ ਰਿਪੋਰਟ ਆਉਣ ਮਗਰੋਂ ਮੁੜ ਹੰਬਲਾ ਮਾਰਿਆਂ ਤੇ ਅਖੀਰ ਉੱਚ ਅਦਾਲਤ ਦੇ ਦਖਲ ਮਗਰੋਂ ਸਥਾਨਕ ਪੁਲੀਸ ਹਰਕਤ ਵਿੱਚ ਆਈ ਤੇ ਅੱਜ ਲਗਪਗ 11 ਮਹੀਨਿਆਂ ਮਗਰੋਂ ਤਿੰਨ ਮੁਲਜ਼ਮਾਂ ਦੀਆਂ ਤਸਵੀਰਾਂ ਨਸ਼ਰ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਮੁਲਜ਼ਮ ਕੰਵਲਜੀਤ ਕੌਰ ਦੇ ਪਹਿਨੇ ਕਰੀਬ 20 ਤੋਲੇ ਦੇ ਸੋਨੇ ਦੇ ਗਹਿਣੇ (ਚੂੜੀਆਂ) ਗੁਰਸ਼ਰਨਜੀਤ ਸਿੰਘ ਦੇ ਪਹਨਿਆਂ 30 ਗ੍ਰਾਮ ਦਾ ਕੜਾ, 10 ਗ੍ਰਾਮ ਦੀ ਅੰਗੂਠੀ ਆਦਿ ਚੋਰੀ ਕਰ ਕੇ ਲੈ ਗਏ ਸਨ।