ਅਣ ਐਲਾਨੇ ਬਿਜਲੀ ਕੱਟਾਂ ਖ਼ਿਲਾਫ਼ ਮੰਗ ਪੱਤਰ ਸੌਂਪਿਆ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 4 ਜੂਨ
ਭਾਜਪਾ ਪੂਰਵਾਂਚਲ ਸੈੱਲ ਪੰਜਾਬ ਦੇ ਵਫ਼ਦ ਨੇ ਅੱਜ ਸੈੱਲ ਦੇ ਪ੍ਰਧਾਨ ਅਤੇ ਕੌਂਸਲਰ ਰਾਜੇਸ਼ ਮਿਸ਼ਰਾ ਦੀ ਅਗਵਾਈ ਹੇਠ ਪਾਵਰਕੋਮ ਦੇ ਚੀਫ਼ ਇੰਜਨੀਅਰ ਜਗਦੇਵ ਸਿੰਘ ਹਾਂਸ ਨਾਲ ਮੁਲਾਕਾਤ ਕਰਕੇ ਵੱਖ-ਵੱਖ ਇਲਾਕਿਆਂ ਵਿੱਚ ਬਿਜਲੀ ਅਤੇ ਪਾਣੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਦੀਆਂ ਮੁਸ਼ਕਿਲਾਂ ਦੇ ਮੁਕੰਮਲ ਹੱਲ ਦੀ ਮੰਗ ਕੀਤੀ। ਵਫ਼ਦ ਵਿੱਚ ਭਾਜਪਾ ਓਬੀਸੀ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਨਿਰਮਲ ਸਿੰਘ ਐੱਸਐੱਸ, ਕੌਂਸਲਰ ਪਤੀ ਕੁਲਵੰਤ ਸਿੰਘ ਕਾਂਤੀ ਅਤੇ ਭਾਜਪਾ ਆਗੂ ਬੈਜਨਾਥ ਗੁਪਤਾ ਵੀ ਹਾਜ਼ਰ ਸਨ।
ਇਸ ਮੌਕੇ ਆਗੂਆਂ ਨੇ ਅਣ-ਐਲਾਨੇ ਬਿਜਲੀ ਕੱਟਾਂ ਕਾਰਨ ਬਿਜਲੀ ਅਤੇ ਪਾਣੀ ਦੀ ਕਿੱਲਤ ਸਬੰਧੀ ਚੀਫ਼ ਇੰਜੀਨੀਅਰ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਸਮੱਸਿਆ ਦੇ ਹੱਲ ਲਈ ਉਨ੍ਹਾਂ ਨੂੰ ਮੰਗ ਪੱਤਰ ਵੀ ਸੌਂਪਿਆ। ਇਸ ਮੌਕੇ ਕੌਂਸਲਰ ਰਾਜੇਸ਼ ਮਿਸ਼ਰਾ ਨੇ ਕਿਹਾ ਕਿ ਬਿਜਲੀ ਵਿਭਾਗ ਵੱਲੋਂ ਲਗਾਏ ਜਾ ਰਹੇ ਅਣਮਿੱਥੇ ਬਿਜਲੀ ਕੱਟਾਂ ਤੋਂ ਆਊਟਰ ਇਲਾਕੇ ਨਾਲ ਸਬੰਧਤ ਲੋਕ ਖੱਜਲ-ਖੁਆਰ ਹੋ ਰਹੇ ਹਨ। ਕਈ ਕਈ ਘੰਟੇ ਬਿਜਲੀ ਦੇ ਕੱਟਾਂ ਕਾਰਨ ਸਰਕਾਰੀ ਪਾਣੀ ਵਾਲੇ ਟਿਊਬਵੈੱਲ ਬੰਦ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਬਿਜਲੀ ਕਟੌਤੀ ਕਾਰਨ ਪਾਣੀ ਸਪਲਾਈ ਬਹਾਲ ਨਹੀਂ ਹੁੰਦੀ ਜਿਸ ਕਾਰਨ ਲੋਕਾਂ ਵਿੱਚ ਵੱਡਾ ਰੋਸ ਹੈ। ਇਸ ਮੌਕੇ ਨਿਰਮਲ ਸਿੰਘ ਐਸਐਸ ਨੇ ਕਿਹਾ ਕਿ ਸਰਕਾਰ ਦਾ ਵਾਧੂ ਬਿਜਲੀ ਹੋਣ ਦਾ ਦਾਅਵਾ ਖੋਖਲਾ ਹੈ। ਸਰਕਾਰ ਸਿਰਫ਼ ਡਰਾਮੇਬਾਜ਼ੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਕੱਟਾਂ ਕਾਰਨ ਜੋ ਤਕਲੀਫ਼ ਲੋਕ ਝੱਲ ਰਹੇ ਹਨ ਉਸ ਨੂੰ ਸ਼ਬਦਾਂ ਵਿੱਚ ਨਹੀਂ ਬਿਆਨ ਕੀਤਾ ਜਾ ਸਕਦਾ। ਉਨ੍ਹਾਂ ਚੀਫ਼ ਇੰਜਨੀਅਰ ਨੂੰ ਬੇਲੋੜੇ ਕੱਟਾਂ ਤੋਂ ਰਾਹਤ ਦੇਣ ਦੀ ਮੰਗ ਕੀਤੀ। ਚੀਫ਼ ਇੰਜਨੀਅਰ ਹਾਂਸ ਨੇ ਮੁਸ਼ਕਿਲਾਂ ਦਾ ਹਰ ਸੰਭਵ ਹੱਲ ਕੱਢਣ ਦਾ ਭਰੋਸਾ ਦਿੱਤਾ।