ਜੋਗਿੰਦਰ ਸਿੰਘ ਓਬਰਾਏ
ਖੰਨਾ, 5 ਜੁਲਾਈ
ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੀ ਸੜਕ ਦਾ ਟੁੱਟ ਕੇ ਬੁਰਾ ਹਾਲ ਹੋ ਚੁੱਕਾ ਹੈ ਪਰ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਇਸ ਮੌਕੇ ਮੱਕੀ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਮੱਕੀ ਦੀ ਫਸਲ ਲਿਆ ਰਹੇ ਕਿਸਾਨਾਂ ਦਾ ਸਵਾਗਤ ਟੁੱਟੀ ਸੜਕ ਵੱਲੋਂ ਕੀਤਾ ਜਾ ਰਿਹਾ ਹੈ। ਸੜਕ ’ਤੇ ਪਏ ਵੱਡੇ ਵੱੱਡੇ ਟੋਇਆ ਵਿਚ ਬਰਸਾਤ ਦਾ ਪਾਣੀ ਭਰਨ ਕਾਰਨ ਕਈ ਵਾਰ ਹਾਦਸੇ ਵਾਪਰ ਚੁੱਕੇ ਹਨ ਅਤੇ ਇਨ੍ਹਾਂ ਟੋਇਆਂ ਵਿਚ ਟਰਾਲੀਆਂ ਫਸਣ ਕਾਰਨ ਕਿਸਾਨਾਂ ਨੂੰ ਅਨੇਕਾਂ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰ ਮੈਦਾਨ ਫਤਹਿ ਸੇਵਾ ਦਲ ਦੇ ਪ੍ਰਧਾਨ ਕਸ਼ਮੀਰ ਸਿੰਘ ਖਾਲਸਾ ਨੇ ਦੱਸਿਆ ਕਿ ਇਹ ਸੜਕ ਖੰਨਾ ਤੋਂ ਰਹੌਣ ਹੁੰਦੀ ਹੋਈ ਚੰਡੀਗੜ੍ਹ ਰੋਡ ਨਾਲ ਜੂੁੜਦੀ ਹੈ। ਇਸ ਸੜਕ ਰਾਹੀਂ ਟਰੈਕਟਰ ਟਰਾਲੀਆਂ, ਕਾਰਾਂ ਅਤੇ ਭਾਰੀ ਵਾਹਨ ਸਰਕਾਰੀ ਗੁਦਾਮਾਂ ਵਿਚ ਅਨਾਜ ਜਮ੍ਹਾਂ ਕਰਨ ਲਈ ਵੱਡੀ ਮਾਤਰਾ ਵਿੱਚ ਨਿਕਲਦੇ ਹਨ। ਸਭ ਤੋਂ ਵੱਡਾ ਕਾਰਨ ਇਸ ਸੜਕ ’ਤੇ ਨਾ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੋਈ ਰਾਹ ਹੈ ਅਤੇ ਨਾ ਹੀ ਸੀਵਰੇਜ ਪਾਈਪ ਪਾਏ ਗਏ ਹਨ ਜਿਸ ਕਾਰਨ ਇਹ ਸੜਕ ਬਣਨ ਤੋਂ ਕੁਝ ਸਮੇਂ ਬਾਅਦ ਟੁੱਟ ਜਾਂਦੀ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਇਸ ਸੜਕ ਵੱਲ ਧਿਆਨ ਦੇ ਕੇ ਇਸ ਨੂੰ ਬਣਾਇਆ ਜਾਵੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਤੋਂ ਬਚਾਅ ਹੋ ਸਕੇ।
ਛੇਤੀ ਬਣਾਈ ਜਾਵੇਗੀ ਸੜਕ: ਸਕੱਤਰ
ਮੰਡੀ ਬੋਰਡ ਦੇ ਸਕੱਤਰ ਕਮਲਦੀਪ ਸਿੰਘ ਨੇ ਕਿਹਾ ਕਿ ਮੀਂਹਾਂ ਕਾਰਨ ਸੜਕ ਟੁੱਟ ਗਈ ਹੈ। ਇਸ ਦਾ ਟੈਂਡਰ ਦਾ ਪਾਸ ਹੋ ਚੁੱਕਾ ਹੈ ਅਤੇ ਮੀਹਾਂ ਉਪਰੰਤ ਸੜਕ ਪਹਿਲ ਦੇ ਆਧਾਰ ’ਤੇ ਬਣਾਈ ਜਾਵੇਗੀ।