ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 23 ਅਗਸਤ
ਇੱਥੇ ਵੱਖ-ਵੱਖ ਸੜਕ ਹਾਦਸਿਆਂ ਵਿੱਚ ਬਜ਼ੁਰਗ ਦੀ ਮੌਤ ਹੋ ਗਈ ਹੈ ਅਤੇ ਦੋ ਵਿਅਕਤੀ ਜ਼ਖ਼ਮੀ ਹੋ ਗਏ। ਥਾਣਾ ਪੀਏਯੂ ਦੇ ਇਲਾਕੇ ਹੰਬੜਾਂ ਰੋਡ ਸਥਿਤ ਬੀਰਮੀ ਕੱਟ ਕੋਲ ਮੋਟਰਸਾਈਕਲ-ਕਾਰ ਦੀ ਟੱਕਰ ਵਿੱਚ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਪਿੰਡ ਗੋਰਸੀਆ ਹਾਕਮ ਰਾਏ ਵਾਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਉਹ ਆਪਣੇ ਦਾਦਾ ਸ਼ੁੱਕਰ ਸਿੰਘ ਨਾਲ ਮੋਟਰਸਾਈਕਲ ’ਤੇ ਪਿੰਡ ਬੀਰਮੀ ਤੋਂ ਆਪਣੇ ਘਰ ਜਾ ਰਿਹਾ ਸੀ ਤਾਂ ਬੀਰਮੀ ਕੱਟ ਹੰਬੜਾ ਰੋਡ ਕੋਲ ਹੰਬੜਾ ਵੱਲੋਂ ਆਈ ਕਾਰ ਨੇ ਮੋਟਰਸਾਈਕਲ ਨੂੰ ਫੇਟ ਮਾਰੀ ਜਿਸ ਨਾਲ ਉਹ ਹੇਠਾਂ ਡਿੱਗ ਪਏ ਅਤੇ ਉਨ੍ਹਾਂ ਨੂੰ ਕਾਫ਼ੀ ਸੱਟਾਂ ਲੱਗੀਆਂ।
ਦੋਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਡੀਐੱਮਸੀ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਸ਼ੁੱਕਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਥਾਣੇਦਾਰ ਲਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕਾਰ ਨੰਬਰੀ ਐੱਚਆਰ 42 ਸੀ 6778 ਦੇ ਨਾਮਾਲੂਮ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੂੰ ਭਾਈ ਰਣਧੀਰ ਸਿੰਘ ਨਗਰ ਵਾਸੀ ਸੰਜੇ ਕੁਮਾਰ ਨੇ ਦੱਸਿਆ ਹੈ ਕਿ ਉਹ ਆਪਣੇ ਦੋਸਤ ਦੀ ਪਾਰਟੀ ਤੋਂ ਬਾਅਦ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਘਰ ਜਾ ਰਿਹਾ ਸੀ ਤਾਂ ਜਗਰਾਉਂ ਪੁਲ ਕੋਲ ਗੱਡੀ ਨੰਬਰ ਪੀਬੀ 10 ਸੀਡਬਲਿਊ 0660 ਦੇ ਨਾਮਲੂਮ ਡਰਾਈਵਰ ਨੇ ਤੇਜ਼ ਰਫ਼ਤਾਰੀ ਨਾਲ ਚਲਾ ਕੇ ਮੋਟਰਸਾਈਕਲ ਨੂੰ ਫੇਟ ਮਾਰੀ ਜਿਸ ਨਾਲ ਉਹ ਹੇਠਾਂ ਡਿੱਗ ਪਿਆ ਅਤੇ ਜ਼ਖ਼ਮੀ ਹੋ ਗਿਆ ਅਤੇ ਬੇਹੋਸ਼ ਹੋ ਗਿਆ। ਇਲਾਜ ਲਈ ਉਸ ਨੂੰ ਰਘੂਨਾਥ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ।
ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
ਖੰਨਾ (ਨਿੱਜੀ ਪੱਤਰ ਪ੍ਰੇਰਕ): ਦੋਸਤ ਦੀ ਕੈਂਸਰ ਪੀੜਤ ਮਾਂ ਦੀ ਸਿਹਤਯਾਬੀ ਲਈ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਗਏ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਜਸ਼ਨਪ੍ਰੀਤ ਸਿੰਘ (20) ਸੰਤ ਕਲੋਨੀ ਅਮਲੋਹ ਰੋਡ ਖੰਨਾ ਦਾ ਰਹਿਣ ਵਾਲਾ ਸੀ, ਨੌਜਵਾਨ ਦੇ ਪਿਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਜਸ਼ਨਪ੍ਰੀਤ ਆਪਣੇ ਦੋਸਤ ਸੰਦੀਪ ਸਿੰਘ ਦੀ ਮਾਂ ਦੀ ਸਿਹਤਯਾਬੀ ਲਈ ਫਤਹਿਗੜ੍ਹ ਸਾਹਿਬ ਮੱਥਾ ਟੇਕਣ ਦਾ ਪ੍ਰੋਗਰਾਮ ਬਣਾਇਆ। ਜਦੋਂ ਸਵੇਰੇ ਕਰੀਬ 7 ਵਜੇ ਜੀਟੀ ਰੋਡ ਪੁਲ ਮੰਡੀ ਗੋਬਿੰਦਗੜ੍ਹ ਨੇੜੇ ਪੁੱਜੇ ਤਾਂ ਕਾਰ ਨੇ ਪਹਿਲਾਂ ਉਨ੍ਹਾਂ ਨੂੰ ਕਰਾਸ ਕੀਤਾ ਤੇ ਫ਼ਿਰ ਪੁਲ ’ਤੇ ਇਕਦਮ ਕਾਰ ਰੋਕ ਕੇ ਖਿੜਕੀ ਖੋਲ੍ਹ ਦਿੱਤੀ। ਇਸ ਵਿੱਚੋਂ ਔਰਤ ਬਾਹਰ ਨਿਕਲਣ ਲੱਗੀ। ਜਸ਼ਨਪ੍ਰੀਤ ਸਿੰਘ ਔਰਤ ਨੂੰ ਬਚਾਉਣ ਲੱਗਾ ਤਾਂ ਮੋਟਰਸਾਈਕਲ ਪਿਛੋਂ ਆ ਰਹੀ ਕਾਰ ਨਾਲ ਟਕਰਾ ਗਿਆ। ਉਸ ਦੀ ਮੌਕੇ ’ਤੇ ਮੌਤ ਹੋ ਗਈ। ਪੁਲੀਸ ਨੇ ਜੀਟੀ ਰੋਡ ’ਤੇ ਕਾਰ ਰੋਕਣ ਵਾਲੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।