ਸਵੇਰੇ ਤੇ ਦੁਪਹਿਰ ਵੇਲੇ ਡਿਊਟੀ ਦੇਣ ਲਈ ਰੱਖਣੇ ਪੈਣਗੇ 10 ਮਾਰਸ਼ਲ, ਟਰੈਫਿਕ ਜਾਮ ਤੋਂ ਮਿਲੇਗਾ ਛੁੱਟਕਾਰਾ
ਸਨਅਤੀ ਸ਼ਹਿਰ ਦੇ ਸਕੂਲਾਂ ਬਾਹਰ ਸਵੇਰੇ ਤੇ ਦੁਪਹਿਰ ਨੂੰ ਛੁੱਟੀ ਵੇਲੇ ਲੱਗਣ ਵਾਲੇ ਟਰੈਫਿਕ ਜਾਮ ਨਾਲ ਨਜਿੱਠਣ ਦੇ ਲਈ ਲੁਧਿਆਣਾ ਪੁਲੀਸ ਨੇ ਨਵੀਂ ਯੋਜਨਾ ਤਿਆਰ ਕੀਤੀ ਹੈ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਮੰਗਲਵਾਰ ਨੂੰ ਸ਼ਹਿਰ ਦੇ 13 ਵੱਡੇ ਸਕੂਲ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ, ਜਿਸ ਵਿੱਚ ਕਈ ਨੁਕਤਿਆਂ ’ਤੇ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਸਕੂਲ ਦੇ ਬਾਹਰ ਟਰੈਫਿਕ ਜਾਮ ਦੀ ਸਥਿਤੀ ਸਵੇਰੇ ਅਤੇ ਦੁਪਹਿਰ ਨੂੰ ਖਰਾਬ ਹੋ ਜਾਂਦੀ ਹੈ ਅਤੇ ਆਲੇ ਦੁਆਲੇ ਦਾ ਇਲਾਕਾ ਵੀ ਪੂਰੀ ਤਰ੍ਹਾਂ ਜਾਮ ਹੋ ਜਾਂਦਾ ਹੈ। ਜਿਸ ਕਾਰਨ ਉੱਥੋਂ ਲੰਘਣ ਵਾਲੇ ਲੋਕਾਂ ਨੂੰ ਵੀ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਟਰੈਫਿਕ ਜਾਮ ਨਾਲ ਨਜਿੱਠਣ ਲਈ ਪੁਲੀਸ ਵੱਲੋਂ ਸਕੂਲ ਪ੍ਰਬੰਧਕਾਂ ਨੂੰ ਕਈ ਤਰ੍ਹਾਂ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਸ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਹੁਣ ਸਕੂਲਾਂ ਦੇ ਬਾਹਰ ਟਰੈਫਿਕ ਕੰਟਰੋਲ ਕਰਨ ਲਈ ਸਕੂਲ ਪ੍ਰਬੰਧਕਾਂ ਨੂੰ 10 ਟਰੈਫਿਕ ਮਾਰਸ਼ਲ ਰੱਖਣੇ ਪੈਣਗੇ, ਜੋ ਸਕੂਲਾਂ ਦੇ ਬਾਹਰ ਸਵੇਰੇ ਸਕੂਲ ਲੱਗਣ ਵੇਲੇ ਤੇ ਦੁਪਹਿਰ ਨੂੰ ਛੁੱਟੀ ਵੇਲੇ ਟਰੈਫਿਕ ਨੂੰ ਕੰਟਰੋਲ ਕਰਨਗੇ।
ਪੁਲੀਸ ਕਮਿਸ਼ਨਰ ਸਵਪਨ ਸ਼ਰਮਾ, ਡੀਸੀਪੀ ਟਰੈਫਿਕ ਪਰਮਿੰਦਰ ਸਿੰਘ ਭੰਡਾਲ ਅਤੇ ਹੋਰ ਅਧਿਕਾਰੀਆਂ ਦੇ ਨਾਲ-ਨਾਲ 13 ਸਕੂਲਾਂ ਦੇ ਮੈਨੇਜਰ ਵੀ ਇਸ ਮੀਟਿੰਗ ਵਿੱਚ ਸ਼ਾਮਲ ਸਨ। ਮੀਟਿੰਗ ਦੌਰਾਨ ਸਵੇਰੇ ਅਤੇ ਸ਼ਾਮ ਨੂੰ ਸਕੂਲਾਂ ਦੇ ਬਾਹਰ ਟਰੈਫਿਕ ਜਾਮ ਮੁੱਖ ਮੁੱਦੇ ’ਤੇ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਚਰਚਾ ਕੀਤੀ ਗਈ ਕਿ ਸਕੂਲਾਂ ਦੇ ਬਾਹਰ ਛੁੱਟੀ ਵੇਲੇ ਬੱਚੇ ਭੱਜਦੇ ਹੋਏ ਵੀ ਨਜ਼ਰ ਆਉਂਦੇ ਹਨ, ਉਨ੍ਹਾਂ ’ਤੇ ਵੀ ਨਜਰ ਰੱਖਣ ’ਤੇ ਚਰਚਾ ਕੀਤੀ ਗਈ। ਕਮਿਸ਼ਨਰ ਸਵਪਨ ਸ਼ਰਮਾ ਨੇ ਸਕੂਲ ਪ੍ਰਬੰਧਕਾਂ ਨੂੰ ਸਪੱਸ਼ਟ ਤੌਰ ’ਤੇ ਸੇਫ਼ ਸਕੂਲ ਵਾਹਨ ਯੋਜਨਾ ਦੇ ਤਹਿਤ ਢਾਂਚਾਗਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਸਕੂਲ ਦੇ ਬਾਹਰ ਟਰੈਫਿਕ ਚੁਣੌਤੀਆਂ ਨਾਲ ਨਜਿੱਠਣ ਲਈ ਸਹਿਯੋਗੀ ਯਤਨਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ। ਪੁਲੀਸ ਕਮਿਸ਼ਨਰ ਨੇ ਕਿਹਾ ਕਿ ਸਕੂਲ ਖੁੱਲ੍ਹਣ ਅਤੇ ਬੰਦ ਹੋਣ ਦੇ ਸਮੇਂ ਦੌਰਾਨ ਟਰੈਫਿਕ ਨਾਲ ਨਜਿੱਠਣ ਦੀ ਕੋਸ਼ਿਸ਼ ਵਿੱਚ, ਸਕੂਲ ਅਧਿਕਾਰੀਆਂ ਨੂੰ ਟਰੈਫਿਕ ਪ੍ਰਬੰਧਨ ਵਿੱਚ ਸਹਾਇਤਾ ਲਈ 10 ਟਰੈਫਿਕ ਮਾਰਸ਼ਲ ਵਲੰਟੀਅਰ ਤਾਇਨਾਤ ਕਰਨ ਲਈ ਸਪੱਸ਼ਟ ਹੁਕਮ ਕੀਤੇ ਗਏ ਹਨ। ਇਨ੍ਹਾਂ ਮਾਰਸ਼ਲਾਂ ਨੂੰ ਸਕੂਲਾਂ ਵੱਲੋਂ ਨਿਯੁਕਤ ਕੀਤਾ ਜਾਵੇਗਾ ਅਤੇ ਉਹ ਲੁਧਿਆਣਾ ਪੁਲੀਸ ਦੁਆਰਾ ਤਾਇਨਾਤ ਟਰੈਫਿਕ ਪੀਸੀਆਰ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰਨਗੇ।
ਸਕੂਲਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਨ੍ਹਾਂ ਦੇ ਅਹਾਤੇ ਦੇ ਨੇੜੇ ਕੋਈ ਅਣਅਧਿਕਾਰਤ ਪਾਰਕਿੰਗ ਨਾ ਹੋਵੇ। ਸਕੂਲਾਂ ਨੂੰ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸਕੂਲੀ ਖੇਤਰਾਂ ਦੇ ਨੇੜੇ ਸੰਭਾਵੀ ਹਾਦਸਿਆਂ ਨੂੰ ਘੱਟ ਕਰਨ ਲਈ ਸੇਫ਼ ਸਕੂਲ ਵਾਹਨ ਯੋਜਨਾ ਦੇ ਤਹਿਤ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਵਾਉਣ ਦੀ ਯਕੀਨੀ ਬਣਾਇਆ ਜਾਏਗਾ। ਪੁਲੀਸ ਕਮਿਸ਼ਨਰ ਨੇ ਕਿਹਾ ਕਿ ਇਸ ਵੇਲੇ ਪੁਲੀਸ ਨੂੰ 13 ਸਕੂਲਾਂ ਦੇ ਬਾਹਰ ਇਹ ਕੰਮ ਕਰਨ ਦੇ ਹੁਕਮ ਦਿੱਤੇ ਗਏ ਹਨ। ਇਨ੍ਹਾਂ ਵਿੱਚ ਗ੍ਰੀਨਲੈਂਡ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਬਾਈਪਾਸ, ਸੈਕਰਡ ਹਾਰਟ ਕਾਨਵੈਂਟ ਸਕੂਲ ਸੈਕਟਰ-39, ਚੰਡੀਗੜ੍ਹ ਰੋਡ, ਰਿਆਨ ਇੰਟਰਨੈਸ਼ਨਲ ਸਕੂਲ ਜਮਾਲਪੁਰ, ਬੀਸੀਐਮ ਸਕੂਲ ਸੈਕਟਰ 32, ਚੰਡੀਗੜ੍ਹ ਰੋਡ, ਸੈਕਰਡ ਹਾਰਟ ਕਾਨਵੈਂਟ ਸਕੂਲ, ਸਾਹਨੇਵਾਲ, ਸਚਦੇਵਾ ਸਕੂਲ ਸਾਹਨੇਵਾਲ, ਗ੍ਰੀਨਲੈਂਡ ਸੀਨੀਅਰ ਸੈਕੰਡਰੀ ਸਕੂਲ ਦੁੱਗਰੀ, ਸਤਪਾਲ ਮਿੱਤਲ ਸਕੂਲ ਦੁੱਗਰੀ, ਬੀਸੀਐਮ ਸਕੂਲ ਬਸੰਤ ਐਵੇਨਿਊ, ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ, ਸੈਕਰਡ ਹਾਰਟ ਕਾਨਵੈਂਟ ਸਕੂਲ ਸਰਾਭਾ ਨਗਰ, ਕੇਵੀਐਮ ਸਕੂਲ ਸਿਵਲ ਲਾਈਨਜ਼ ਅਤੇ ਭਾਈ ਰਣਧੀਰ ਸਿੰਘ ਨਗਰ ਵਿੱਚ ਸਥਿਤ ਡੀਏਵੀ ਸਕੂਲ ਸ਼ਾਮਲ ਹਨ। ਪੁਲੀਸ ਕਮਿਸ਼ਨਰ ਨੇ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਕਦਮ ਚੁੱਕਣ ਦੀ ਅਪੀਲ ਕੀਤੀ ਹੈ।