ਸੰਤੋਖ ਗਿੱਲ
ਰਾਏਕੋਟ, 24 ਸਤੰਬਰ
ਇੱਥੋਂ ਦੇ ਸਿਵਲ ਹਸਪਤਾਲ ਵਿੱਚ ਜਣੇਪੇ ਲਈ ਦਾਖਲ ਹੋਈ ਪਿੰਡ ਬੱਸੀਆਂ ਵਾਸੀ 25 ਸਾਲਾ ਗਰਭਵਤੀ ਮਨਪ੍ਰੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਪੈਰਾਮੈਡੀਕਲ ਸਟਾਫ਼ ਉਪਰ ਲਾਪ੍ਰਵਾਹੀ ਦਾ ਦੋਸ਼ ਲਾਇਆ ਹੈ। ਪੀੜਤ ਮਨਪ੍ਰੀਤ ਕੌਰ ਦੇ ਪਤੀ ਸੁਖਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਅਨੁਸਾਰ ਉਸ ਦੀ ਪਤਨੀ ਨੂੰ 23 ਸਤੰਬਰ ਬਾਅਦ ਦੁਪਹਿਰ ਰਾਏਕੋਟ ਦੇ ਸਿਵਲ ਹਸਪਤਾਲ ਵਿੱਚ ਜਣੇਪੇ ਲਈ ਦਾਖਲ ਕਰਵਾਇਆ ਸੀ। ਪਰ ਰਾਤ ਸਮੇਂ ਸਿਹਤ ਜ਼ਿਆਦਾ ਵਿਗੜ ਜਾਣ ਬਾਅਦ ਉਸ ਦੀ ਉਚਿਤ ਸੰਭਾਲ ਦੀ ਥਾਂ ਉਸ ਨੂੰ ਤੜਕਸਾਰ ਜਬਰੀ ਛੁੱਟੀ ਕਰ ਦਿੱਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਨਿੱਜੀ ਹਸਪਤਾਲ ਵਿੱਚ ਪੀੜਤ ਦੇ ਅਪ੍ਰੇਸ਼ਨ ਬਾਅਦ ਨਵਜੰਮੇ ਬੱਚੇ ਦੀ ਨਾਜ਼ੁਕ ਹਾਲਤ ਹੋਣ ਕਾਰਨ ਮੌਤ ਹੋ ਗਈ।
ਪੀੜਤ ਦੇ ਪਤੀ ਸੁਖਜੀਤ ਸਿੰਘ ਨੇ ਇਹ ਵੀ ਦੋਸ਼ ਲਾਇਆ ਕਿ ਡਿਊਟੀ ਸਟਾਫ਼ ਵੱਲੋਂ ਉਸ ਦੀ ਪਤਨੀ ਨੂੰ ਛੁੱਟੀ ਦੇਣ ਮੌਕੇ ਪਰਿਵਾਰਕ ਮੈਂਬਰਾਂ ਤੋਂ ਸਵੈ-ਇੱਛੁਕ ਛੁੱਟੀ ਲਏ ਜਾਣ ਬਾਰੇ ਦਸਤਖ਼ਤ ਕਰਨ ਲਈ ਮਜਬੂਰ ਕੀਤਾ ਸੀ, ਹਾਲਾਂਕਿ ਉਨ੍ਹਾਂ ਦਸਤਖ਼ਤ ਕਰਨ ਤੋਂ ਨਾਂਹ ਕਰ ਦਿੱਤੀ ਸੀ। ਪੀੜਤ ਪਰਿਵਾਰ ਨੇ ਸਰਕਾਰੀ ਹਸਪਤਾਲ ਦੇ ਸਟਾਫ਼ ਅਤੇ ਸਿਹਤ ਵਿਭਾਗ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਅਤੇ ਇਹ ਵੀ ਕਿਹਾ ਕਿ ਉਹ ਇਸ ਬਾਰੇ ਸਿਹਤ ਮੰਤਰੀ ਅਤੇ ਮੁੱਖ ਮੰਤਰੀ ਕੋਲ ਸ਼ਿਕਾਇਤ ਕਰਨਗੇ। ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰਦੀਪ ਕੁਮਾਰ ਦੇ ਛੁੱਟੀ ’ਤੇ ਹੋਣ ਕਾਰਨ ਕਾਰਜਕਾਰੀ ਐੱਸ.ਐੱਮ.ਓ ਡਾ. ਮਨਦੀਪ ਸਿੰਘ ਨੇ ਸੰਪਰਕ ਕਰਨ ‘ਤੇ ਕਿਹਾ ਕਿ ਕਿ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਇਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।