ਵੈਟਰਨਰੀ ’ਵਰਸਿਟੀ ’ਚ ਕੌਮੀ ਮੱਛੀ ਪਾਲਕ ਹਫ਼ਤਾ ਸਮਾਪਤ
ਖੇਤਰੀ ਪ੍ਰਤੀਨਿਧ
ਲੁਧਿਆਣਾ, 11 ਜੁਲਾਈ
ਕੌਮੀ ਮੱਛੀ ਪਾਲਕ ਦਿਵਸ ਮਨਾਉਣ ਲਈ ਯਾਦਗਾਰੀ ਹਫ਼ਤਾ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿੱਚ ਕਿਸਾਨ ਪੁਰਸਕਾਰ ਸਮਾਰੋਹ ਦੇ ਨਾਲ ਸੰਪੂਰਨ ਹੋਇਆ। ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ਜਦਕਿ ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਵਿੰਦਰ ਸਿੰਘ ਗਰੇਵਾਲ ਪਤਵੰਤੇ ਮਹਿਮਾਨ ਵਜੋਂ ਸ਼ਾਮਲ ਹੋਏ।
ਇਸ ਮੌਕੇ ਵੱਖ-ਵੱਖ ਜ਼ਿਲ੍ਹਿਆਂ ਦੇ ਮੱਛੀ ਅਤੇ ਝੀਂਗਾ ਪਾਲਕ ਕਿਸਾਨ, ਮੱਛੀ ਪਾਲਣ ਵਿਭਾਗ ਦੇ ਅਧਿਕਾਰੀ, ਕਾਲਜ ਆਫ਼ ਫਿਸ਼ਰੀਜ਼ ਦੇ ਵਿਗਿਆਨੀ, ਗ੍ਰੈਜੂਏਟ ਮੱਛੀ ਪਾਲਕ, ਪੇਸ਼ੇਵਰ ਅਤੇ ਆਈਬੀ ਗਰੁੱਪ ਆਫ਼ ਲਾਈਫਸਟਾਈਲ ਫੀਡ ਇੰਡਸਟਰੀ ਦੇ ਪ੍ਰਤੀਨਿਧੀ ਹਾਜ਼ਰ ਸਨ। ਡਾ. ਗਿੱਲ ਨੇ ਮੱਛੀ ਪਾਲਕਾਂ ਨੂੰ ਮੱਛੀ ਉਤਪਾਦਾਂ ਦੀ ਗੁਣਵੱਤਾ ਵਧਾਉਣ ਦਾ ਸਮਰਥਨ ਕਰਨ ਦੇ ਨਾਲ ਨਾਲ ਜਲਵਾਯੂ ਪਰਿਵਰਤਨ, ਮਿੱਟੀ ਦੀ ਘਟਦੀ ਸ਼ਕਤੀ ਅਤੇ ਹੋਰ ਚੁਣੌਤੀਆਂ ਨੂੰ ਹੱਲ ਕਰਨ ਲਈ ਨਵੀਆਂ ਤਕਨਾਲੋਜੀਆਂ ਨੂੰ ਅਪਣਾਉਣ ਵਿੱਚ ਉਨ੍ਹਾਂ ਦੀ ਵਚਨਬੱਧ ਭੂਮਿਕਾ ਲਈ ਪ੍ਰਸ਼ੰਸਾ ਕੀਤੀ।
ਇਹ ਸਮਾਗਮ ਜਿਲ੍ਹਾ ਲੁਧਿਆਣਾ ਦੇ ਉੱਘੇ ਮੱਛੀ ਕਿਸਾਨ ਦਰਸ਼ਨ ਸਿੰਘ ਨੂੰ ਸ਼ਰਧਾਂਜਲੀ ਦੇਣ ਨਾਲ ਸ਼ੁਰੂ ਹੋਇਆ। ਸਮਾਗਮ ’ਚ ਅਗਾਂਹਵਧੂ ਮੱਛੀ ਪਾਲਕਾਂ ਅਤੇ ਮੱਛੀ ਉਦਮੀਆਂ ਨੂੰ ਉਨ੍ਹਾਂ ਦੀਆਂ ਵੱਖ-ਵੱਖ ਭੂਮਿਕਾਵਾਂ ਲਈ ਸਨਮਾਨਿਤ ਕੀਤਾ ਗਿਆ। ਨੌਜਵਾਨ ਕਿਸਾਨਾਂ ਨੂੰ ਆਪਣੀ ਖੇਤੀ ਦੀਆਂ ਜੜ੍ਹਾਂ ਨਾਲ ਜੁੜੇ ਹੋਣ ਅਤੇਂ ਇਸ ਖੇਤਰ ਨੂੰ ਅੱਗੇ ਵਧਾਉਣ ਲਈ ਸਨਮਾਨਿਤ ਕੀਤਾ ਗਿਆ। ਉਤਸ਼ਾਹੀ ਕਿਸਾਨਾਂ, ਜੋ ਨਵੀਆਂ ਉੱਚ ਉਪਜ ਵਾਲੀਆਂ ਮੱਛੀਆਂ ਦੀਆਂ ਕਿਸਮਾਂ ਅਤੇ ਤੀਬਰ ਜਲ-ਪਾਲਣ ਪ੍ਰਣਾਲੀਆਂ ਨਾਲ ਜਲ-ਪਾਲਣ ਵਿੱਚ ਵਿਭਿੰਨਤਾ ਲਿਆ ਰਹੇ ਹਨ, ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ, ਪਿੰਡਾਂ ਦੇ ਤਲਾਬਾਂ ਵਿੱਚ ਏਕੀਕ੍ਰਿਤ ਮੱਛੀ ਪਾਲਣ ਅਭਿਆਸਾਂ ਅਤੇ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਵਾਲੇ ਕਿਸਾਨਾਂ ਨੂੰ ਉਪਲਬਧ ਸਰੋਤਾਂ ਦੀ ਬਿਹਤਰ ਆਰਥਿਕ ਵਰਤੋਂ ਲਈ ਵੀ ਸਨਮਾਨਿਤ ਕੀਤਾ ਗਿਆ।
ਦੱਖਣ-ਪੱਛਮੀ ਪੰਜਾਬ ਦੇ ਖਾਰੇ ਪਾਣੀ ਤੋਂ ਪ੍ਰਭਾਵਿਤ ਸੇਮ ਵਾਲੇ ਖੇਤਰਾਂ ਦੇ ਉੱਦਮੀ ਨੌਜਵਾਨਾਂ, ਜੋ ਯੂਨੀਵਰਸਿਟੀ ਨਾਲ ਜੁੜੇ ਹੋਏ ਹਨ, ਨੂੰ ਮੱਛੀ ਅਤੇ ਝੀਂਗਾ ਪਾਲਣ ਦੁਆਰਾ ਆਪਣੀ ਖਾਰੀ ਅਤੇ ਘਾਟੇ ਵਾਲੀ ਜ਼ਮੀਨ ਨੂੰ ਲਾਭਦਾਇਕ ਸਰੋਤਾਂ ਵਿੱਚ ਬਦਲਣ ਲਈ ਵੀ ਸਨਮਾਨਿਤ ਕੀਤਾ ਗਿਆ। ਇਨੋਵੇਟਿਵ ਫਿਸ਼ ਫਾਰਮਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਣਜੋਧ ਸਿੰਘ ਅਤੇ ਉਪ-ਪ੍ਰਧਾਨ ਜਸਵੀਰ ਸਿੰਘ ਨੂੰ ਉਨ੍ਹਾਂ ਦੇ ਪ੍ਰੇਰਨਾਦਾਇਕ ਮਾਰਗਦਰਸ਼ਨ ਦੁਆਰਾ ਜਲ-ਪਾਲਣ ਖੇਤਰ ਦੇ ਵਿਸਥਾਰ ਵਿੱਚ ਉਨ੍ਹਾਂ ਦੀ ਨਿਰੰਤਰ ਭੂਮਿਕਾ ਲਈ ਸਨਮਾਨਿਤ ਕੀਤਾ ਗਿਆ।
ਕਾਲਜ ਆਫ ਫਿਸ਼ਰੀਜ਼ ਦੀ ਡੀਨ ਡਾ. ਮੀਰਾ ਡੀ. ਆਂਸਲ ਨੇ ਦੱਸਿਆ ਕਿ ਮੱਛੀ ਪਾਲਣ ਖੇਤਰ ਵਾਤਾਵਰਣ ਸਨੇਹੀ ਸਿਹਤਮੰਦ ਭੋਜਨ ਪ੍ਰਦਾਨ ਕਰਦਾ ਹੈ। ਉਨ੍ਹਾਂ ਦੱਸਿਆ ਕਿ ਆਈਬੀ ਗਰੁੱਪ ਆਫ਼ ਫੀਡ ਇੰਡਸਟਰੀ ਵੱਲੋਂ ਪ੍ਰਾਯੋਜਿਤ ਕੀਤੇ ਗਏ ਇਸ ਸਮਾਗਮ ਦਾ ਮੁੱਖ ਆਕਰਸ਼ਣ ਕਿਸਾਨ-ਵਿਗਿਆਨੀ-ਵਿਦਿਆਰਥੀ-ਉਦਯੋਗ ਵਿਚਾਰ-ਵਟਾਂਦਰਾ ਸੀ।
ਡਾ. ਗਰੇਵਾਲ ਨੇ ਉਨ੍ਹਾਂ ਨੂੰ ਨਿਰੰਤਰ ਆਰਥਿਕ ਉਤਪਾਦਨ ਲਈ ਅਤੇ ਲੋੜੀਂਦੀ ਸਮਰੱਥਾ ਉਸਾਰੀ ਲਈ ਯੂਨੀਵਰਸਿਟੀ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ।