ਭਨੋਹੜ ਦੇ ਮਨਰੇਗਾ ਮਜ਼ਦੂਰਾਂ ਵੱਲੋਂ ਬੇਰੁਜ਼ਗਾਰੀ ਭੱਤੇ ਦੀ ਮੰਗ
ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 5 ਜੁਲਾਈ
ਪਿੰਡ ਭਨੋਹੜ ਦੇ ਮਨਰੇਗਾ ਮਜ਼ਦੂਰਾਂ ਨੇ ਮੰਗਣ ਦੇ ਬਾਵਜੂਦ ਕੰਮ ਨਾ ਮਿਲਣ ਬਦਲੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸੁਧਾਰ ਜਸਤਿੰਦਰ ਸਿੰਘ ਜੱਜ ਨੂੰ ਮੰਗਪੱਤਰ ਸੌਂਪ ਕੇ ਬੇਰੁਜ਼ਗਾਰੀ ਭੱਤਾ ਦੇਣ ਦੀ ਮੰਗ ਕੀਤੀ ਹੈ। ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ ਦੇ ਸੂਬਾਈ ਸਕੱਤਰ ਦਲਜੀਤ ਕੁਮਾਰ ਗੋਰਾ ਅਤੇ ਮਨਰੇਗਾ ਮਜ਼ਦੂਰ ਯੂਨੀਅਨ (ਸੀਟੂ) ਦੇ ਸੂਬਾਈ ਪ੍ਰਧਾਨ ਪ੍ਰਕਾਸ਼ ਸਿੰਘ ਬਰ੍ਹਮੀ ਨੇ ਕਿਹਾ ਕਿ ਪਿੰਡ ਭਨੋਹੜ ਦੇ ਮਨਰੇਗਾ ਮਜ਼ਦੂਰਾਂ ਨੇ 19 ਜੂਨ ਤੋਂ ਪਹਿਲਾਂ ਵੀ ਅਨੇਕਾਂ ਵਾਰ ਬਲਾਕ ਵਿਕਾਸ ਅਧਿਕਾਰੀ ਸੁਧਾਰ ਨੂੰ ਲਿਖਤੀ ਰੂਪ ਵਿੱਚ ਕੰਮ ਦੀ ਮੰਗ ਕੀਤੀ ਹੈ। ਪਰ ਅਧਿਕਾਰੀਆਂ ਨੇ ਮਜ਼ਦੂਰਾਂ ਦੀ ਮੰਗ ਵੱਲ ਕੋਈ ਤਵੱਜੋ ਨਹੀਂ ਦਿੱਤੀ।
ਮਨਰੇਗਾ ਮਜ਼ਦੂਰ ਆਗੂਆਂ ਨੇ ਕਿਹਾ ਕਿ ਮਨਰੇਗਾ ਕਾਨੂੰਨ ਤਹਿਤ 15 ਦਿਨ ਵਿੱਚ ਮੰਗਣ 'ਤੇ ਕੰਮ ਨਾ ਦੇਣ ਬਦਲੇ ਮਜ਼ਦੂਰ ਬੇਰੁਜ਼ਗਾਰੀ ਭੱਤੇ ਦੇ ਹੱਕਦਾਰ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪਿੰਡ ਦੇ ਸਰਪੰਚ ਵੱਲੋਂ ਗ੍ਰਾਮ ਸਭਾ ਦਾ ਇਜਲਾਸ ਬੁਲਾਕੇ ਮਨਰੇਗਾ ਮਜ਼ਦੂਰਾਂ ਨੂੰ ਕੰਮ ਦੇਣ ਦੀ ਕੋਈ ਵਿਉਂਤਬੰਦੀ ਕਰਨ ਦੀ ਥਾਂ ਆਪਣੀ ਮਰਜ਼ੀ ਨਾਲ ਮੇਟ ਵੀ ਨਵਾਂ ਰੱਖ ਲਿਆ ਗਿਆ ਹੈ। ਬੀ.ਡੀ.ਪੀ.ਓ ਜਸਤਿੰਦਰ ਸਿੰਘ ਜੱਜ ਨੇ ਮਜ਼ਦੂਰ ਆਗੂਆਂ ਨੂੰ 8 ਜੁਲਾਈ ਤੱਕ ਕੰਮ ਦੇਣ ਅਤੇ ਹੋਰ ਮੰਗਾਂ ਦਾ ਨਿਪਟਾਰਾ ਕਰਨ ਦਾ ਵਾਅਦਾ ਕੀਤਾ ਹੈ। ਸੀਟੂ ਆਗੂ ਦਲਜੀਤ ਕੁਮਾਰ ਗੋਰਾ ਨੇ ਕਿਹਾ ਕਿ ਮਨਰੇਗਾ ਮਜ਼ਦੂਰ 9 ਜੁਲਾਈ ਦੀ ਦੇਸ਼ ਵਿਆਪੀ ਹੜਤਾਲ ਵਿੱਚ ਹਿੱਸਾ ਲੈਣਗੇ। ਮਨਰੇਗਾ ਮਜ਼ਦੂਰ ਆਗੂ ਜਸਪ੍ਰੀਤ ਕੌਰ, ਕਰਮਜੀਤ ਕੌਰ, ਮਨਪ੍ਰੀਤ ਕੌਰ, ਮਨਜੀਤ ਕੌਰ, ਹਰਵਿੰਦਰ ਕੌਰ, ਹਰਪ੍ਰੀਤ ਕੌਰ, ਬੀਬੀ ਗਿਆਨੋ ਅਤੇ ਅਮਰਜੀਤ ਕੌਰ ਪੰਚ ਵੀ ਹਾਜ਼ਰ ਸਨ।