DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਪ੍ਰਭਾਵਿਤ ਪਿੰਡਾਂ ਦੀ ਦਾਖਾ ’ਚ ਮੀਟਿੰਗ ਅੱਜ

ਭਾਕਿਯੂ (ਡਕੌਂਦਾ-ਧਨੇਰ) ਵੱਲੋਂ ਵੀ ਸੰਘਰਸ਼ ਲਈ ਕਮਰਕੱਸੇ; ਕਿਸੇ ਸੂਰਤ ਵਿੱਚ ਕਿਸਾਨਾਂ ਦੀ ਉਪਜਾਊ ਜ਼ਮੀਨ ਖੋਹਣ ਨਹੀਂ ਦਿੱਤੀ ਜਾਵੇਗੀ: ਧਨੇਰ
  • fb
  • twitter
  • whatsapp
  • whatsapp
featured-img featured-img
ਪਿੰਡ ਦੋਲੋਂ ਵਿੱਚ ਚਰਚਾ ਕਰਦੇ ਹੋਏ ਇਲਾਕੇ ਦੇ ਕਿਸਾਨ।- ਫੋਟੋ: ਗਿੱਲ
Advertisement
ਲੁਧਿਆਣਾ ਜ਼ਿਲ੍ਹੇ ਵਿੱਚ ਗਲਾਡਾ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ (ਡਕੌਂਦਾ-ਧਨੇਰ) ਆਖ਼ਰੀ ਦਮ ਤੱਕ ਲੜਨ ਲਈ ਕਮਰਕੱਸੇ ਕਰਨ ਲੱਗੀ ਹੈ। ਪਿੰਡ ਦੋਲੋਂ ਕਲਾਂ ਵਿੱਚ ਦਾਖਾ, ਮੁੱਲਾਂਪੁਰ, ਭਨੋਹੜ, ਲਲਤੋ ਕਲਾਂ, ਲਲਤੋ ਖ਼ੁਰਦ, ਰੁੜਕਾ, ਪਮਾਲ, ਦਾਦ, ਖੇੜੀ, ਝਮੇੜੀ, ਧਾਂਦਰਾ, ਦੋਲੋ ਖੁਰਦ, ਜੋਧਾਂ, ਮਨਸੂਰਾਂ ਅਤੇ ਰਤਨਾਂ ਪਿੰਡਾਂ ਦੇ ਕਿਸਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਜ਼ਿਲ੍ਹੇ ਵਿੱਚ ਕੁੱਲ 43,983 ਏਕੜ ਜ਼ਮੀਨ ਲੈਂਡ ਪੂਲਿੰਗ ਨੀਤੀ ਤਹਿਤ ਹਥਿਆਈ ਜਾਣ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ, ਜਿਸ ਤਹਿਤ ਰਿਹਾਇਸ਼ੀ ਅਤੇ ਵਪਾਰਕ ਵਰਤੋਂ ਲਈ 24,311 ਅਤੇ 6 ਸਨਅਤੀ ਜ਼ੋਨਾਂ ਲਈ 21,550 ਏਕੜ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਜਾ ਚੁੱਕੀ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਇੱਕ ਲੱਖ ਏਕੜ ਜ਼ਮੀਨ ਤੋਂ ਕਿਸਾਨਾਂ ਨੂੰ ਬੇਦਖ਼ਲ ਕਰਨ ਦੀ ਤਿਆਰੀ ਮਾਨ ਸਰਕਾਰ ਨੇ ਖਿੱਚ ਲਈ ਹੈ। ਇਸ ਨੀਤੀ ਤਹਿਤ ਕੇਵਲ ਕਿਸਾਨ ਹੀ ਨਹੀਂ ਪੇਂਡੂ ਦਲਿਤ ਮਜ਼ਦੂਰ ਵੀ ਭੁੱਖੇ ਮਰਨ ਲਈ ਮਜਬੂਰ ਕਰ ਦਿੱਤਾ ਜਾਵੇਗਾ। ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ 19 ਜੁਲਾਈ ਨੂੰ ਪੀੜਤ ਕਿਸਾਨਾਂ ਦੀ ਦਾਖਾ ਪਿੰਡ ਵਿੱਚ ਬੁਲਾਈ ਗਈ ਮੀਟਿੰਗ ਵਿੱਚ ਸ਼ਮੂਲੀਅਤ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ 30 ਜੁਲਾਈ ਨੂੰ ਇਲਾਕੇ ਵਿੱਚ ਟਰੈਕਟਰ ਮਾਰਚ ਤੋਂ ਇਲਾਵਾ ਅਗਸਤ ਵਿੱਚ ਮੁੱਲਾਂਪੁਰ ਮੰਡੀ ਵਿੱਚ ਕਿਸਾਨ ਪੰਚਾਇਤ ਵੀ ਬੁਲਾਈ ਗਈ ਹੈ। ਅਜੀਤ ਸਿੰਘ ਧਾਂਦਰਾ, ਸਨਦੀਪ ਸਿੰਘ ਦੋਲੋਂ, ਰਣਵੀਰ ਸਿੰਘ ਰੁੜਕਾ ਅਤੇ ਗੁਰਪ੍ਰੀਤ ਸਿੰਘ ਲਲਤੋਂ ਨੇ ਵੀ ਸੰਬੋਧਨ ਕੀਤਾ।

Advertisement

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਾਮਬੰਦੀ ਮੁਹਿੰਮ ਤੇਜ਼

ਲੁਧਿਆਣਾ (ਗੁਰਿੰਦਰ ਸਿੰਘ): ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਤਹਿਤ ਪਿੰਡਾਂ ਦੀਆਂ ਉਪਜਾਊ ਜ਼ਮੀਨਾਂ ਐਕੁਆਇਰ ਕਰਨ ਦੇ ਵਿਰੋਧ ਵਿੱਚ ਅਤੇ ਪ੍ਰਭਾਵਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ 19 ਜੁਲਾਈ ਨੂੰ ਪਿੰਡ ਦਾਖਾ ਵਿੱਚ ਪ੍ਰਭਾਵਿਤ ਪਿੰਡਾਂ ਦੀ ਹੋ ਰਹੀ ਵੱਡੀ ਮੀਟਿੰਗ ਲਈ ਲਾਮਬੰਦੀ ਕੀਤੀ ਜਾ ਰਹੀ ਹੈ। ਪਿੰਡ ਗਹੌਰ ਵਿੱਚ ਹੋਈ ਮੀਟਿੰਗ ਦੌਰਾਨ ਜ਼ਿਲ੍ਹਾ ਮੀਤ ਪ੍ਰਧਾਨ ਮਨੋਹਰ ਸਿੰਘ ਕਲਾੜ, ਜ਼ਿਲ੍ਹਾ ਆਗੂ ਯੁਵਰਾਜ ਸਿੰਘ ਘੁਡਾਣੀ, ਬਲਾਕ ਪ੍ਰਧਾਨ ਜਸਵੰਤ ਸਿੰਘ ਭੱਟੀਆਂ ਅਤੇ ਅਮਰੀਕ ਸਿੰਘ ਭੂੰਦੜੀ ਨੇ ਕਿਹਾ ਕਿ ਜਥੇਬੰਦੀ ਸਰਕਾਰ ਵੱਲੋਂ ਕਿਸਾਨਾਂ ਦੀ ਉਪਜਾਊ ਜ਼ਮੀਨ ਐਕੂਆਇਰ ਕਰਨ ਦੇ ਮਨਸੂਬੇ ਕਦੇ ਵੀ ਸਫ਼ਲ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀਆਂ ਜ਼ਮੀਨਾਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਤੇ ਇਸ ਨੀਤੀ ਨੂੰ ਰੱਦ ਕਰਵਾਉਣ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਪਿੰਡਾਂ ਦੀ 19 ਜੁਲਾਈ ਨੂੰ ਇੱਕ ਵੱਡੀ ਮੀਟਿੰਗ ਪਿੰਡ ਦਾਖਾ ਵਿੱਚ ਕੀਤੀ ਜਾ ਰਹੀ ਹੈ ਜਿਸ ਵਿੱਚ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾਈ ਆਗੂ ਤੇ ਸੰਯੁਕਤ ਕਿਸਾਨ ਮੋਰਚਾ ਦੀਆਂ ਜਥੇਬੰਦੀਆਂ ਦੇ ਆਗੂ ਵੀ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਦੌਰਾਨ ਸ਼ੰਘਰਸ਼ ਦੀ ਅਗਲੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਕਿਸਾਨ ਆਗੂਆਂ ਰਾਮਸ਼ਰਨ ਸਿੰਘ ਰਸੂਲਪੁਰ, ਅਜੀਤ ਸਿੰਘ ਦਾਖਾ, ਤੀਰਥ ਸਿੰਘ ਤਲਵੰਡੀ ਅਤੇ ਮਲਕੀਤ ਸਿੰਘ ਈਸੇਵਾਲ ਨੇ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ 19 ਜੁਲਾਈ ਵਾਲੀ ਮੀਟਿੰਗ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ। 

Advertisement
×