ਜਗੀਰਪੁਰ ਰੋਡ ’ਤੇ ਗੌਤਮ ਕਲੋਨੀ ਇਲਾਕੇ ਵਿੱਚ ਇੱਕ ਵਿਆਹੁਤਾ ਨੇ ਆਪਣੇ ਸਹੁਰਿਆਂ ਤੋਂ ਪ੍ਰੇਸ਼ਾਨ ਹੋ ਕੇ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਜਦੋਂ ਪੇਕਾ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਸੀਐੱਮਸੀ ਹਸਪਤਾਲ ਪਹੁੰਚੇ। ਸੂਚਨਾ ਮਿਲਣ ਤੋਂ ਬਾਅਦ ਥਾਣਾ ਟਿੱਬਾ ਦੀ ਪੁਲੀਸ ਮੌਕੇ ’ਤੇ ਪਹੁੰਚੀ। ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਸਹੁਰਿਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਮ੍ਰਿਤਕਾ ਦੀ ਪਛਾਣ ਆਇਸ਼ਾ ਨੂਰੀ ਉਰਫ ਆਰਜ਼ੂ ਵਜੋਂ ਹੋਈ ਹੈ। ਬਸਤੀ ਜੋਧੇਵਾਲ ਵਾਸੀ ਮੁਹੰਮਦ ਫਿਰੋਜ਼ ਆਲਮ ਦੀ ਸ਼ਿਕਾਇਤ ’ਤੇ ਪੁਲੀਸ ਨੇ ਆਰਜ਼ੂ ਦੇ ਪਤੀ ਅੰਬਰ ਰਜ਼ਾ ਅਤੇ ਉਸ ਦੀ ਮਾਂ ਖੈਰੂਨ ਨਿਸ਼ਾ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪੁਲੀਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਫਿਲਹਾਲ ਪੁਲੀਸ ਨੇ ਇਸ ਮਾਮਲੇ ਵਿੱਚ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।
ਮੁਹੰਮਦ ਫਿਰੋਜ਼ ਆਲਮ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਨੁਸਾਰ ਉਸਦੀ ਧੀ ਆਰਜ਼ੂ ਦਾ ਵਿਆਹ 13 ਸਾਲ ਪਹਿਲਾਂ ਮੁਲਜ਼ਮ ਅੰਬਰ ਰਜ਼ਾ ਨਾਲ ਹੋਇਆ ਸੀ। ਵਿਆਹ ਦੇ ਕੁਝ ਸਮੇਂ ਬਾਅਦ ਮੁਲਜ਼ਮ ਉਸ ਦੀ ਧੀ ਨੂੰ ਤੰਗ ਕਰਨ ਲੱਗ ਪਿਆ ਅਤੇ ਅਕਸਰ ਉਸ ਨੂੰ ਕੁੱਟਦਾ ਸੀ। ਜਦੋਂ ਵੀ ਕੋਈ ਝਗੜਾ ਹੁੰਦਾ ਸੀ, ਉਹ ਰਾਜ਼ੀਨਾਮਾ ਕਰਕੇ ਉਸ ਨੂੰ ਵਾਪਸ ਲੈ ਜਾਂਦੇ ਸਨ ਅਤੇ ਹਰ ਵਾਰ ਕਹਿੰਦੇ ਸਨ ਕਿ ਉਹ ਭਵਿੱਖ ਵਿੱਚ ਅਜਿਹਾ ਨਹੀਂ ਕਰਨਗੇ ਪਰ ਇਸ ਤੋਂ ਬਾਅਦ ਵੀ ਉਨ੍ਹਾਂ ਦੀ ਧੀ ਨੂੰ ਕੁੱਟਿਆ ਜਾਂਦਾ ਸੀ। ਮੁਲਜ਼ਮਾਂ ਦੁਆਰਾ ਤੰਗ-ਪ੍ਰੇਸ਼ਾਨ ਅਤੇ ਕੁੱਟਮਾਰ ਤੋਂ ਤੰਗ ਆ ਕੇ ਆਰਜ਼ੂ ਨੇ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਲੋਕਾਂ ਨੇ ਉਸ ਨੂੰ ਇਲਾਜ ਲਈ ਸੀਐੱਮਸੀ ਹਸਪਤਾਲ ਦਾਖਲ ਕਰਵਾਇਆ, ਜਿਥੇ ਉਸ ਦੀ ਮੌਤ ਹੋ ਗਈ। ਥਾਣਾ ਟਿੱਬਾ ਦੇ ਐੱਸਐੱਚਓ ਸਬ-ਇੰਸਪੈਕਟਰ ਜਸਪਾਲ ਸਿੰਘ ਨੇ ਕਿਹਾ ਕਿ ਮੁਲਜ਼ਮ ਹਾਲੇ ਫਰਾਰ ਹੈ। ਉਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।