ਲੁਧਿਆਣਾ ਪੱਛਮੀ ਜ਼ਿਮਨੀ ਚੋਣ: 2022 ਮੁਕਾਬਲੇ 13 ਫੀਸਦੀ ਘੱਟ ਵੋਟਾਂ ਪਈਆਂ
ਗਗਨਦੀਪ ਅਰੋੜਾ
ਲੁਧਿਆਣਾ, 19 ਜੂਨ
ਲੁਧਿਆਣਾ ਦੇ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਅੱਜ ਸ਼ਾਂਤੀ ਦੇ ਨਾਲ ਵੋਟਾਂ ਪੈ ਗਈਆਂ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਮੁਤਾਬਕ ਸ਼ਾਮ 7 ਵਜੇ ਤੱਕ ਲੁਧਿਆਣਾ ਵਿੱਚ 51.33 ਫੀਸਦੀ ਵੋਟਿੰਗ ਹੋਈ ਹੈ, ਜੋਕਿ ਅਨੁਮਾਨਿਤ ਹੈ। ਜਦਕਿ 2022 ਦੇ ਵਿਧਾਨਸਭਾ ਚੋਣਾਂ ਦੀ ਗੱਲ ਕਰੀਏ ਤਾਂ ਇਸ ਵੇਲੇ ਇਸ ਹਲਕੇ ਵਿੱਚ 64.29 ਫੀਸਦੀ ਵੋਟਿੰਗ ਹੋਈ ਸੀ। ਇਸ ਵਾਰ ਇਹ ਵੋਟਿੰਗ ਪਿਛਲੇ ਵਾਰ ਦੇ ਮੁਕਾਬਲੇ 13 ਫੀਸਦੀ ਤੱਕ ਘੱਟ ਹੈ। ਇਸਦੇ ਨਾਲ ਹੀ ਵੋਟਿੰਗ ਦੌਰਾਨ ਸ਼ਹਿਰ ਦਾ ਪੂਰਾ ਮਾਹੌਲ ਸ਼ਾਂਤ ਰਿਹਾ। ਸ਼ਹਿਰ ਵਿੱਚ 194 ਪੋਲਿੰਗ ਬੂਥ ਬਣਾਏ ਗਏ ਸਨ, ਜਿਨ੍ਹਾਂ ਵਿੱਚ ਵੋਟਰਾਂ ਨੇ ਵੋਟ ਪਾਈ।
ਸ਼ਹਿਰ ਵਿੱਚ ਸਵੇਰੇ 7 ਵਜੇ ਹੀ ਵੋਟਿੰਗ ਦਾ ਕੰਮ ਸ਼ੁਰੂ ਹੋ ਗਿਆ ਸੀ। ਪਹਿਲਾਂ ਪਹਿਲਾਂ ਕਾਫ਼ੀ ਗਿਣਤੀ ਵਿੱਚ ਬਜ਼ੁਰਗ ਤੇ ਕੰਮ-ਕਾਜ ਵਾਲੇ ਲੋਕ ਵੋਟਾਂ ਪਾਉਣ ਲਈ ਪੁੱਜੇ। ਉਨ੍ਹਾਂ ਦੇ ਨਾਲ ਵੋਟਾਂ ਵਿੱਚ ਆਪਣੀ ਕਿਸਮਤ ਅਜਮਾਉਣ ਵਾਲੇ ਉਮੀਦਵਾਰ ਵੀ ਪੁੱਜ ਗਏ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਆਪਣੇ ਪਰਿਵਾਰ ਦੇ ਨਾਲ ਸਰਾਭਾ ਨਗਰ ਸਥਿਤ ਗੁਰੂ ਨਾਨਕ ਪਬਲਿਕ ਸਕੂਲ ਵਿੱਚ ਵੋਟ ਪਾਈ। ਇਸ ਦੇ ਨਾਲ ਹੀ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਵੀ ਆਪਣੇ ਪਤਨੀ ਦੇ ਨਾਲ ਮਾਲਵਾ ਸਕੂਲ ਵਿੱਚ ਵੋਟ ਪਾਉਣ ਲਈ ਪੁੱਜੇ। ਭਾਜਪਾ ਦੇ ਆਗੂ ਜੀਵਨ ਗੁਪਤਾ ਵੀ ਆਪਣੇ ਪਰਿਵਾਰ ਦੇ ਨਾਲ ਸਵੇਰੇ-ਸਵੇਰੇ ਹੀ ਭਾਰਤ ਨਗਰ ਚੌਕ ਨੇੜੇ ਐੱਨਐੱਮ ਜੈਨ ਸਕੂਲ ਵਿੱਚ ਵੋਟ ਪਾਉਣ ਲਈ ਗਏ।
ਇਸੇ ਤਰ੍ਹਾਂ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਵੇ ਵੀ ਆਪਣੇ ਪਰਿਵਾਰ ਦੇ ਨਾਲ ਜਾ ਕੇ ਵੋਟ ਪਾਈ। ਸ਼ਹਿਰ ਵਿੱਚ ਜ਼ਿਆਦਾ ਸਮਾਂ ਦਾ ਮਾਹੌਲ ਸ਼ਾਂਤ ਹੀ ਰਿਹਾ ਪਰ ਮਾਲਵਾ ਸਕੂਲ ਦੇ ਬਾਹਰ ਕਾਂਗਰਸੀ ਉਮੀਦਵਾਰ ਮਮਤਾ ਆਸ਼ੂ ਤੇ ‘ਆਪ’ ਸਮਰਥਕਾਂ ਵਿੱਚ ਬਹਿਸਬਾਜ਼ੀ ਹੋਈ। ਜਵੱਦੀ ਕਲਾਂ ਵਿੱਚ ਅਕਾਲੀ ਦਲ ਤੇ ‘ਆਪ’ ਵਰਕਰਾਂ ਵੱਲੋਂ ਹੱਥੋਪਾਈ ਹੋਈ, ਜਦਕਿ ਬਾਕੀ ਥਾਵਾਂ ’ਤੇ ਮਾਹੌਲ ਸ਼ਾਂਤ ਰਿਹਾ। ਇਨ੍ਹਾਂ ਚੋਣਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 194 ਪੋਲਿੰਗ ਬੂਥ ਸਥਾਪਤ ਕੀਤੇ ਗਏ ਸਨ। ਇੱਕ ਪੋਲਿੰਗ ਬੂਥ ਵਿੱਚ ਵੋਟਰਾਂ ਦੀ ਗਿਣਤੀ 1200 ਤੱਕ ਰੱਖਣ ਦੇ ਚੋਣ ਕਮਿਸ਼ਨ ਦੇ ਹਾਲ ਹੀ ਦੇ ਫ਼ੈਸਲੇ ਕਾਰਨ ਵੋਟਰਾਂ ਦੀ ਸਹੂਲਤ ਲਈ ਵਾਧੂ ਦੋ ਨਵੇਂ ਪੋਲਿੰਗ ਬੂਥ ਬਣਾਏ ਗਏ। ਹਰੇਕ ਪੋਲਿੰਗ ਬੂਥ ’ਤੇ ਸਹੂਲਤਾਂ ਦੀ ਵਿਵਸਥਾ ਤੋਂ ਇਲਾਵਾ, ਪਹਿਲੀ ਵਾਰ ਵੋਟਰਾਂ ਦੀ ਸਹੂਲਤ ਲਈ ਪ੍ਰਵੇਸ਼ ਦੁਆਰ ’ਤੇ 194 ਪੋਲਿੰਗ ਸਟੇਸ਼ਨਾਂ ’ਤੇ ਮੋਬਾਈਲ ਜਮ੍ਹਾਂ ਕਰਵਾਉਣ ਦੀ ਸਹੂਲਤ ਦਿੱਤੀ ਗਈ। 1 ਮਹਿਲਾ ਕਰਮਚਾਰੀਆਂ ਵਾਲਾ, 1 ਦਿਵਿਆਂਗ ਕਰਮਚਾਰੀਆਂ ਵਾਲਾ ਅਤੇ 10 ਮਾਡਲ ਪੋਲਿੰਗ ਸਟੇਸ਼ਨ ਵੀ ਬਣਾਏ ਗਏ। ਚੋਣ ਪ੍ਰਕਿਰਿਆਵਾਂ ’ਤੇ ਨਜ਼ਰ ਰੱਖਣ ਲਈ, ਚੋਣ ਕਮਿਸ਼ਨ ਨੇ 1 ਜਨਰਲ ਆਬਜ਼ਰਵਰ, 1 ਪੁਲੀਸ ਆਬਜ਼ਰਵਰ ਅਤੇ 1 ਖਰਚਾ ਆਬਜ਼ਰਵਰ ਵੀ ਨਿਯੁਕਤ ਕੀਤੇ ਸਨ। ਨਾਗਰਿਕਾਂ ਤੋਂ ਸੀ-ਵਿਜਿਲ ਐਪ ਰਾਹੀਂ 1512 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚੋਂ 1342 ਦਾ 100 ਮਿੰਟਾਂ ਦੇ ਸਮੇਂ ਦੇ ਅੰਦਰ ਹੱਲ ਕਰ ਦਿੱਤਾ ਗਿਆ।
ਲੁਧਿਆਣਾ (ਗੁਰਿੰਦਰ ਸਿੰਘ): ਹਲਕਾ ਪੱਛਮੀ ਦੀ ਜ਼ਿਮਨੀ ਚੋਣ ਦੌਰਾਨ ਅੱਜ ਸਵੇਰ ਤੋਂ ਹੀ ਪੋਲਿੰਗ ਬੂਥਾਂ ’ਤੇ ਵੋਟਾਂ ਪਾਉਣ ਲਈ ਲੋਕ ਉਤਸਾਹਿਤ ਨਜ਼ਰ ਆ ਰਹੇ ਸਨ। ਅੱਜ ਸਵੇਰੇ ਜਿੱਥੇ ਕਈ ਪੋਲਿੰਗ ਬੂਥਾਂ ’ਤੇ ਲੋਕ ਵੋਟਾਂ ਪਾਉਣ ਲਈ ਆ ਰਹੇ ਸਨ ਉਥੇ ਵੱਖ ਵੱਖ ਪਾਰਟੀਆਂ ਵੱਲੋਂ ਚੋਣ ਲੜ ਰਹੇ ਉਮੀਦਵਾਰਾਂ ਨੇ ਵੀ ਪਰਿਵਾਰ ਨਾਲ ਅੱਜ ਸਵੇਰੇ ਪੋਲਿੰਗ ਬੂਥਾਂ ’ਤੇ ਜਾ ਕੇ ਆਪਣੀਆਂ ਵੋਟਾਂ ਪਾਈਆਂ।
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਉਨ੍ਹਾਂ ਦੀ ਪਤਨੀ ਅਰਵਿੰਦਰ ਕੌਰ, ਬੇਟੀ ਇਸ਼ਵਿਨ ਕੌਰ ਅਤੇ ਜਵਾਈ ਸਚਿਨ ਅਰੋੜਾ ਨੇ ਜੀਜੀਐੱਨ ਪਬਲਿਕ ਸਕੂਲ ਦੇ ਬੂਥ ’ਤੇ ਜਾ ਕੇ ਵੋਟ ਪਾਈ। ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਕਿਹਾ ਕਿ ਵੋਟਰਾਂ ਵੱਲੋਂ ਉਨ੍ਹਾਂ ਨੂੰ ਤਕੜਾ ਹੁੰਗਾਰਾ ਮਿਲ ਰਿਹਾ ਹੈ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਨੇ ਵੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਭਾਰਤ ਨਗਰ ਚੌਕ ਸਥਿਤ ਨੋਹਰੀਆ ਮੱਲ ਜੈਨ ਸਕੂਲ ਦੇ ਪੋਲਿੰਗ ਬੂਥ ’ਤੇ ਵੋਟ ਪਾਈ। ਉਨ੍ਹਾਂ ਕਿਹਾ ਕਿ ਹਲਕੇ ਦੇ ਵੋਟਰ ਭਾਜਪਾ ਵੱਲੋਂ ਪੰਜਾਬ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਬਣਾਈਆਂ ਜਾ ਰਹੀਆਂ ਯੋਜਨਾਵਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਦੇ ਉਮੀਦਵਾਰ ਨੂੰ ਵੋਟਾਂ ਪਾ ਰਹੇ ਹਨ। ਇਸ ਦੌਰਾਨ ਜਵੱਦੀ ਇਲਾਕੇ ਵਿੱਚ ਲੋਕ ਸਿੱਧੇ ਹੀ ਪੋਲਿੰਗ ਬੂਥ ’ਤੇ ਵੋਟ ਪਾਉਣ ਲਈ ਜਾ ਰਹੇ ਸਨ। ਇਸ ਇਲਾਕੇ ਵਿੱਚ ਭਾਰਤ ਭੂਸ਼ਨ ਆਸ਼ੂ, ਸੰਜੀਵ ਅਰੋੜਾ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਜੀਵਨ ਗੁਪਤਾ ਅਤੇ ਐਲਬਰਟ ਦੂਆ ਵੱਲੋਂ ਆਪਣੇ ਬੂਥ ਲਗਾਏ ਹੋਏ ਸਨ ਜਿੱਥੇ ਪਾਰਟੀ ਵਰਕਰ ਵੀ ਬੈਠੇ ਹੋਏ ਸਨ ਪਰ ਲੋਕ ਬੂਥ ਤੋਂ ਪਰਚੀ ਲਏ ਬਿਨਾਂ ਹੀ ਵੋਟ ਪਾਉਣ ਲਈ ਪੋਲਿੰਗ ਬੂਥ ’ਤੇ ਜਾ ਰਹੇ ਸਨ। ਇਸ ਮੌਕੇ ਅਕਾਲੀ ਆਗੂ ਸੁਰਜੀਤ ਸਿੰਘ ਦੁੱਗਰੀ ਨੇ ਦੱਸਿਆ ਕਿ ਵੋਟਰਾਂ ਵਿੱਚ ਵੋਟਾਂ ਨੂੰ ਲੈ ਕੇ ਉਤਸ਼ਾਹ ਹੈ।
ਦੂਜੇ ਪਾਸੇ ‘ਆਪ’ ਆਗੂ ਸਤਵਿੰਦਰ ਸਿੰਘ ਜਵੱਦੀ ਨੇ ਕਿਹਾ ਕਿ ਇਸ ਇਲਾਕੇ ਵਿੱਚੋਂ ਸੰਜੀਵ ਅਰੋੜਾ ਸਭ ਤੋਂ ਵੱਧ ਵੋਟਾਂ ਲੈਣਗੇ। ਸਰਬ ਸਾਂਝੇ ਉਮੀਦਵਾਰ ਐਲਬਰਟ ਦੁਆ ਨੇ ਵੀ ਇਲਾਕੇ ਵਿੱਚੋਂ ਵਧੇਰੇ ਵੋਟਾਂ ਲਿਜਾਉਣ ਦਾ ਦਾਅਵਾ ਕੀਤਾ।
ਪੋਲਿੰਗ ਬੂਥਾਂ ’ਤੇ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਪਾਈਆਂ ਜੱਫ਼ੀਆਂ
ਲੁਧਿਆਣਾ ਹਲਕਾ ਪੱਛਮੀ ਵਿੱਚ ਜ਼ਿਮਨੀ ਚੋਣ ਦੌਰਾਨ ਅੱਜ ਕਈ ਦਿਲਚਸਪ ਘਟਨਾਵਾਂ ਦੇਖਣ ਨੂੰ ਮਿਲੀਆਂ। ਇਸ ਦੌਰਾਨ ਇੱਕ-ਦੂਜੇ ’ਤੇ ਚਿੱਕੜ ਸੁੱਟਣ ਵਾਲੇ ਆਗੂ ਜਦੋਂ ਆਹਮੋ-ਸਾਹਮਣੇ ਆਏ ਤਾਂ ਕੁਝ ਨੇ ਇੱਕ-ਦੂਜੇ ਨੂੰ ਜੱਫੀ ਪਾਈ ਤਾਂ ਕੁਝ ਨੇ ਇੱਕ-ਦੂਜੇ ਦੇ ਪੈਰੀਂ ਹੱਥ ਲਗਾ ਕੇ ਆਸ਼ੀਰਵਾਦ ਲਿਆ। ਉਮੀਦਵਾਰਾਂ ਨੇ ਕਿਹਾ ਕਿ ਉਨ੍ਹਾਂ ਵਿੱਚ ਰਾਜਨੀਤਿਕ ਮਤਭੇਦ ਹੋ ਸਕਦੇ ਹਨ ਪਰ ਉਹ ਸਮਾਜ ਦਾ ਹਿੱਸਾ ਵੀ ਹਨ। ਬੂਥ ਦੀ ਜਾਂਚ ਕਰਦੇ ਸਮੇਂ, ਭਾਜਪਾ ਉਮੀਦਵਾਰ ਅਤੇ ਕਾਂਗਰਸੀ ਉਮੀਦਵਾਰ ਨੇ ਇੱਕ-ਦੂਜੇ ਨੂੰ ਜੱਫੀ ਪਾਈ ਅਤੇ ਅਕਾਲੀ ਉਮੀਦਵਾਰ ਨੇ ਸਾਬਕਾ ਮੰਤਰੀ ਦੀ ਪਤਨੀ ਦੇ ਪੈਰ ਛੂਹ ਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਉਹ ਆਸ਼ੂ ਨੂੰ ਵੀ ਜੱਫੀ ਪਾ ਕੇ ਚਲੇ ਗਏ। ਵੋਟਿੰਗ ਦੌਰਾਨ ਸਾਬਕਾ ਕਾਂਗਰਸੀ ਮੰਤਰੀ ਨੂੰ ਐਕਟਿਵਾ ਸਕੂਟਰ ’ਤੇ ਘੁੰਮ ਕੇ ਬੂਥਾਂ ਦੀ ਜਾਂਚ ਕਰਦੇ ਦੇਖਿਆ ਗਿਆ। ਸਾਬਕਾ ਮੰਤਰੀ ਆਸ਼ੂ ਜੋ ਕਦੇ ਕਾਫਲੇ ਨਾਲ ਘੁੰਮਦੇ ਸਨ, ਵੀਰਵਾਰ ਨੂੰ ਐਕਟਿਵਾ ’ਤੇ ਇਕੱਲੇ ਘੁੰਮਦੇ ਰਹੇ। ਜਦੋਂ ਆਸ਼ੂ ਅਤੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਬੂਥਾਂ ਦੀ ਜਾਂਚ ਕਰਨ ਤੋਂ ਬਾਅਦ ਮਿਲੇ ਤਾਂ ਜੀਵਨ ਗੁਪਤਾ ਪੂਰੀ ਤਰ੍ਹਾਂ ਝੁਕ ਗਏ ਅਤੇ ਉਨ੍ਹਾਂ ਨੂੰ ਜੱਫੀ ਪਾ ਕੇ ਇੱਕ-ਦੂਜੇ ਦਾ ਹਾਲ-ਚਾਲ ਪੁੱਛਿਆ। ਜਦੋਂ ਕਾਂਗਰਸ ਦੇ ਆਸ਼ੂ ਅਤੇ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਮਿਲੇ ਤਾਂ ਉਨ੍ਹਾਂ ਇੱਕ-ਦੂਜੇ ਨੂੰ ਜੱਫੀ ਪਾਈ। ਜਦੋਂ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਬੂਥ ਦੀ ਜਾਂਚ ਕਰਨ ਲਈ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਹੁੰਚੇ, ਤਾਂ ਸਾਬਕਾ ਮੰਤਰੀ ਆਸ਼ੂ ਦੀ ਪਤਨੀ, ਸਾਬਕਾ ਕੌਂਸਲਰ ਮਮਤਾ ਆਸ਼ੂ ਗੇਟ ਦੇ ਕੋਲ ਬੈਠੀ ਸੀ। ਘੁੰਮਣ ਨੇ ਉਨ੍ਹਾਂ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ।