ਛੁੱਟੀ ਵਾਲੇ ਦਿਨ ਪਏ ਮੀਂਹ ਦਾ ਲੁਧਿਆਣਾ ਵਾਸੀਆਂ ਨੇ ਰੱਜ ਕੇ ਆਨੰਦ ਮਾਣਿਆ
ਸਤਵਿੰਦਰ ਬਸਰਾ
ਲੁਧਿਆਣਾ, 22 ਜੂਨ
ਸਨਅਤੀ ਸ਼ਹਿਰ ਵਿੱਚ ਅੱਜ ਬਾਅਦ ਦੁਪਹਿਰ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ। ਇਸ ਮੀਂਹ ਸਬੰਧੀ ਮੌਸਮ ਮਾਹਿਰਾਂ ਵੱਲੋਂ ਕਈ ਦਿਨ ਪਹਿਲਾਂ ਹੀ ਪੇਸ਼ੀਨਗੋਈ ਕੀਤੀ ਹੋਈ ਸੀ। ਅੱਜ ਛੁੱਟੀ ਵਾਲਾ ਦਿਨ ਹੋਣ ਕਰਕੇ ਲੋਕਾਂ ਨੇ ਘਰਾਂ ਦੀਆਂ ਛੱਤਾਂ ’ਤੇ ਖੜ੍ਹੇ ਹੋ ਕੇ ਮੀਂਹ ਦਾ ਆਨੰਦ ਲਿਆ।
ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਕੜਾਕੇ ਦੀ ਗਰਮੀ ਪੈ ਰਹੀ ਸੀ। ਅੱਜ ਸਵੇਰ ਸਮੇਂ ਵੀ ਤਾਪਮਾਨ 30 ਤੋਂ 35 ਡਿਗਰੀ ਸੈਲਸੀਅਸ ਤੱਕ ਚੱਲ ਰਿਹਾ ਸੀ ਜੋ ਦੁਪਹਿਰ ਸਮੇਂ 38 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਦੁਪਹਿਰ ਬਾਅਦ ਅਚਾਨਕ ਪੂਰੇ ਅਕਾਸ਼ ਵਿੱਚ ਸੰਘਣੀ ਬੱਦਲਵਾਈ ਛਾ ਗਈ ਅਤੇ ਜ਼ੋਰਦਾਰ ਮੀਂਹ ਪੈਣਾ ਸ਼ੁਰੂ ਹੋ ਗਿਆ ਜਿਸ ਨੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਦਿੱਤੀ।
ਇਸ ਦੌਰਾਨ ਬਿਜਲੀ ਲਸ਼ਕਦੀ ਰਹੀ, ਬੱਦਲ ਗਰਜਦੇ ਰਹੇ ਅਤੇ ਤੇਜ਼ ਹਵਾ ਵੀ ਚੱਲਦੀ ਰਹੀ। ਸੰਘਣੇ ਬੱਦਲਾਂ ਕਰਕੇ ਇੰਨਾ ਹਨੇਰਾ ਹੋ ਗਿਆ ਸੀ ਕਿ ਗੱਡੀਆਂ ਵਾਲਿਆਂ ਨੂੰ ਆਪਣੇ ਵਾਹਨਾਂ ਦੀ ਬੱਤੀਆਂ ਤੱਕ ਜਗਾਉਣੀਆਂ ਪੈ ਗਈਆਂ। ਕਈ ਦਿਨਾਂ ਬਾਅਦ ਆਏ ਇਸ ਤੇਜ਼ ਮੀਂਹ ਦਾ ਨਜ਼ਾਰਾ ਲੈਣ ਲਈ ਨੌਜਵਾਨ ਅਤੇ ਬੱਚੇ ਆਪੋ-ਆਪਣੇ ਘਰਾਂ ਦੀਆਂ ਛੱਤਾਂ ’ਤੇ ਮੀਂਹ ਵਿੱਚ ਨਹਾਉਂਦੇ ਦੇਖੇ ਗਏ। ਇਸ ਮੀਂਹ ਕਾਰਨ ਜਿੱਥੇ ਸਮਰਾਲਾ ਚੌਕ, ਸ਼ਿੰਗਾਰ ਸਿਨੇਮਾ ਰੋਡ, ਤਾਜਪੁਰ ਰੋਡ ਦੇ ਡੇਅਰੀ ਕੰਪਲੈਕਸ ਅਤੇ ਹੋਰ ਨੀਵੀਆਂ ਸੜ੍ਹਕਾਂ ’ਤੇ ਪਾਣੀ ਖੜ੍ਹਾ ਹੋ ਗਿਆ ਉੱਥੇ ਕੱਚੀਆਂ ਸੜ੍ਹਕਾਂ ’ਤੇ ਚਿੱਕੜ ਵੀ ਦੇਖਣ ਨੂੰ ਮਿਲਿਆ। ਜਿਹੜਾ ਤਾਪਮਾਨ ਦੁਪਹਿਰ ਸਮੇਂ 38 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਦੁਪਹਿਰ ਤੋਂ ਬਾਅਦ ਪਏ ਮੀਂਹ ਨਾਲ ਸਿੱਧਾ 30-32 ਡਿਗਰੀ ਸੈਲਸੀਅਸ ਤੱਕ ਹੇਠਾਂ ਆ ਗਿਆ। ਉੱਧਰ ਮੌਸਮ ਮਾਹਿਰਾਂ ਵੱਲੋਂ ਵੀ ਪਿਛਲੇ ਤਿੰਨ-ਚਾਰ ਦਿਨਾਂ ਤੋਂ ਪੰਜਾਬ ਦੇ ਵੱਖ ਵੱਖ ਜ਼ਿਲਿ੍ਹਆਂ ਵਿੱਚ 21 ਅਤੇ 22 ਜੂਨ ਨੂੰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੋਈ ਸੀ ਜਿਸ ਵਿੱਚ ਲੁਧਿਆਣਾ ਜ਼ਿਲ੍ਹਾ ਵੀ ਸ਼ਾਮਿਲ ਸੀ। ਇਸ ਮੀਂਹ ਕਾਰਨ ਪੈਦਲ ਰਾਹਗੀਰਾਂ ਅਤੇ ਦੋ ਪਹੀਆ ਚਾਲਕਾਂ ਨੂੰ ਮਾਮੂਲੀ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ ਹੈ। ਮਾਹਿਰਾਂ ਅਨੁਸਾਰ ਇਸ ਮੀਂਹ ਨਾਲ ਝੋਨੇ ਦੀ ਲਵਾਈ ਲਈ ਜਮੀਨ ਹੇਠਲੇ ਪਾਣੀ ਦੀ ਖਪਤ ਵੀ ਘਟੇਗੀ।