ਲੁਧਿਆਣਾ: ਕੂੜਾ ਡੰਪ ਨੇੜੇ ਰਹਿੰਦੇ ਲੋਕ ਨਰਕ ਵਰਗਾ ਜੀਵਨ ਜਿਊਣ ਲਈ ਮਜਬੂਰ
ਸਤਵਿੰਦਰ ਬਸਰਾ
ਲੁਧਿਆਣਾ, 4 ਜੁਲਾਈ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਰੋਜ਼ਾਨਾਂ ਲੱਖਾਂ ਟਨ ਕੂੜਾ ਪੈਦਾ ਹੁੰਦਾ ਹੈ ਅਤੇ ਇੰਨੇ ਕੂੜੇ ਨੂੰ ਸਾਂਭਣਾ ਪ੍ਰਸ਼ਾਸਨ ਲਈ ਸਿਰਦਰਦੀ ਬਣਿਆ ਹੋਇਆ ਹੈ। ਸੂਬੇ ਦੇ ਸਭ ਤੋਂ ਵੱਡਾ ਕੂੜੇ ਦੇ ਡੰਪ ’ਤੇ ਬਣੇ ਕੂੜੇ ਦੇ ਪਹਾੜ ਛੋਟੇ ਹੋਣ ਦੀ ਥਾਂ ਦਿਨੋਂ-ਦਿਨ ਵੱਡੇ ਹੁੰਦੇ ਜਾ ਰਹੇ ਹਨ। ਬਰਸਾਤੀ ਮੌਸਮ ਸ਼ੁਰੂ ਹੁੰਦਿਆਂ ਹੀ ਗੱਡੀਆਂ ਵਾਲਿਆਂ ਨੇ ਇਸ ਡੰਪ ਨਾਲੋਂ ਲੰਘਦੀਆਂ ਸੜਕਾਂ ’ਤੇ ਹੀ ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ ਹੈ ਜਿਸ ਕਰਕੇ ਇਸ ਰਸਤੇ ਤੋਂ ਰੋਜ਼ਾਨਾ ਆਉਣ-ਜਾਣ ਵਾਲੇ ਅਤੇ ਡੰਪ ਦੇ ਨੇੜੇ ਰਹਿੰਦੇ ਲੋਕ ਨਰਕ ਵਰਗਾ ਜੀਵਨ ਜਿਊਣ ਲਈ ਮਜਬੂਰ ਹੋ ਗਏ ਹਨ।
ਪਿਛਲੇ ਕਈ ਦਹਾਕਿਆਂ ਤੋਂ ਇਸ ਕੂੜੇ ਦੇ ਪਹਾੜ ਨੂੰ ਘੱਟ ਕਰਨ ਲਈ ਸੂਬੇ ਵਿੱਚ ਵੱਖ-ਵੱਖ ਸਮੇਂ ਬਣੀਆਂ ਸਰਕਾਰਾਂ ਵੱਲੋਂ ਨਵੇਂ ਨਵੇਂ ਪ੍ਰਾਜੈਕਟ ਲਿਆਂਦੇ ਗਏ ਪਰ ਕੂੜਾ ਘੱਟ ਹੋਣ ਦੀ ਥਾਂ ਦਿਨੋਂ-ਦਿਨ ਵਧਦਾ ਗਿਆ। ਹੁਣ ਤਾਂ ਗੱਡੀਆਂ ਵਾਲਿਆਂ ਨੇ ਕੂੜਾ ਨਾਲ ਲੱਗਦੀਆਂ ਸੜਕਾਂ ’ਤੇ ਹੀ ਸੁੱਟਣਾ ਸ਼ੁਰੂ ਕਰ ਦਿੱਤਾ ਹੈ। ਬਰਸਾਤੀ ਮੌਸਮ ਕਰਕੇ ਇਸ ਕੂੜੇ ਦੀ ਸੜਾਂਦ ਨਾ ਸਿਰਫ ਆਸ-ਪਾਸ ਰਹਿੰਦੇ ਲੋਕਾਂ ਲਈ ਸਗੋਂ ਦੋ-ਤਿੰਨ ਕਿਲੋਮੀਟਰ ਤੱਕ ਦੇ ਘੇਰੇ ਵਿੱਚ ਰਹਿੰਦੇ ਲੋਕਾਂ ਲਈ ਵੀ ਸਿਰਦਰਦੀ ਦਾ ਕਾਰਨ ਬਣੀ ਹੋਈ ਹੈ। ਡੰਪ ਦੇ ਨੇੜੇ ਰਹਿੰਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਕੂੜੇ ਦੇ ਪਹਾੜ ਤਾਂ ਹੀ ਘੱਟ ਹੋਣਗੇ ਜੇਕਰ ਨਵਾਂ ਕੂੜਾ ਨਾ ਸੁੱਟਿਆ ਜਾਵੇ ਪਰ ਇੱਥੇ ਤਾਂ ਰੋਜ਼ਾਨਾ ਦਰਜਨਾਂ ਗੱਡੀਆਂ ਕੂੜਾ ਸੁੱਟਣ ਆਉਂਦੀਆਂ ਹਨ।
ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਇਹ ਗੱਡੀਆਂ ਤਾਜਪੁਰ ਰੋਡ ਤੋਂ ਜਾਂਦੀਆਂ ਸਨ ਅਤੇ ਹੁਣ ਭੀੜ-ਭੜੱਕੇ ਵਾਲੀ ਟਿੱਬਾ ਰੋਡ ਦੀ ਸੜਕ ਤੋਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਵਿੱਚੋਂ ਬਹੁਤੀਆਂ ਗੱਡੀਆਂ ਵਾਲਿਆਂ ਵੱਲੋਂ ਸੜਕ ’ਤੇ ਹੀ ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਨਾਲ ਰਾਹੋਂ ਰੋਡ, ਤਾਜਪੁਰ ਰੋਡ ਅਤੇ ਜਗੀਰਪੁਰ ਨੂੰ ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਧੀ ਨਾਲੋਂ ਵੱਧ ਸੜਕ ’ਤੇ ਕੂੜਾ ਪਿਆ ਹੈ ਜਦਕਿ ਬਰਸਾਤੀ ਮੌਸਮ ਨੇ ਬਾਕੀ ਰਹਿੰਦੀ ਸੜਕ ’ਤੇ ਵੀ ਚਿੱਕੜ ਕਰ ਦਿੱਤਾ ਹੈ। ਗਰਮੀਆਂ ਵਿੱਚ ਕਈ ਵਾਰ ਇਸ ਕੂੜੇ ਨਾਲ ਅੱਗ ਲੱਗ ਚੁੱਕੀ ਹੈ ਜਿਸ ਕਰਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੱਕ ਬੁਲਾਉਣੀਆਂ ਪਈਆਂ ਸਨ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇੱਥੇ ਹੋਰ ਕੂੜਾ ਨਾ ਸੁੱਟਿਆ ਜਾਵੇ ਅਤੇ ਪਹਿਲਾਂ ਪਏ ਕੂੜੇ ਨੂੰ ਚੁਕਵਾਇਆ ਜਾਵੇ।
ਜਗਰਾਉਂ ਵਾਸੀ ਕੂੜੇ ਦੀ ਸਮੱਸਿਆ ਤੋਂ ਪ੍ਰੇਸ਼ਾਨ
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਨਗਰ ਕੌਂਸਲ ਦੀ ਪ੍ਰਬੰਧਕੀ ਟੀਮ, ਅਮਲਾ ਅਤੇ ਲੋਕਾਂ ਵੱਲੋਂ ਚੁਣੇ ਗਏ ਕੌਂਸਲਰਾਂ ਦੀ ਕਥਿਤ ਆਪਸੀ ਜ਼ਿੱਦ ਅਤੇ ਸਿਆਸਤ ਕਾਰਨ ਜਗਰਾਉਂ ਸ਼ਹਿਰ ਕੂੜੇ ਦੇ ਢੇਰ ਵਿੱਚ ਤਬਦੀਲ ਹੋ ਗਿਆ ਹੈ। ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਹੈ। ਸੱਤਾਧਾਰੀ ਅਤੇ ਸੱਤਾ ਤੋਂ ਬਾਹਰ ਦੋਵੇਂ ਧਿਰਾਂ ਇੱਕ-ਦੂਸਰੇ ’ਤੇ ਦੋਸ਼ ਲਾ ਕੇ ਆਪਣੇ ਫਰਜ਼ਾਂ ਤੋਂ ਭੱਜ ਰਹੀਆਂ ਹਨ। ਕਦੇ ਸੱਤਾਧਾਰੀ ਧਿਰ ਧਰਨੇ ’ਤੇ ਬੈਠ ਜਾਂਦੀ ਹੈ ਕਦੇ ਕੌਂਸਲਰ। ਬਰਸਾਤ ਦਾ ਮੌਸਮ ਹੋਣ ਕਾਰਨ ਵਾਰਡਾਂ ਦੀਆਂ ਗਲੀਆਂ ’ਚ ਕੂੜੇ ਦੇ ਢੇਰ ਲੱਗੇ ਹੋਏ ਹਨ ਜਿਸ ਕਾਰਨ ਨਾਲੀਆਂ ਦਾ ਪਾਣੀ ਗਲੀਆਂ ’ਚ ਆ ਗਿਆ ਹੈ। ਗੰਦੇ ਪਾਣੀ ਅਤੇ ਕੂੜੇ ਦੀ ਬਦਬੂ ਕਰਾਨ ਲੋਕਾਂ ਦਾ ਘਰਾਂ ਵਿੱਚ ਰਹਿਣਾ ਮੁਸ਼ਕਲ ਹੋ ਗਿਆ ਹੈ। ਆਮ ਸ਼ਹਿਰੀਆਂ ਨੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ, ਕਾਰਜਸਾਧਕ ਅਫ਼ਸਰ ਸੁਖਦੇਵ ਸਿੰਘ ਰੰਧਾਵਾ ਤੱਕ ਸ਼ਹਿਰ ਵਾਸੀਆਂ ਦੀ ਦਿੱਕਤਾਂ ਦਾ ਰੌਲਾ ਪਾਇਆ ਪਰ ਕੋਈ ਵੀ ਢੁੱਕਵਾਂ ਤੇ ਪੱਕਾ ਹੱਲ ਨਹੀਂ ਨਿਕਲ ਸਕਿਆ। ਲੋਕਾਂ ਦੀਆਂ ਦਿੱਕਤਾਂ ਘਟਣ ਦੀ ਥਾਂ ਵਧ ਰਹੀਆਂ ਹਨ। ਕੁੱਝ ਮਹੀਨੇ ਪਹਿਲਾਂ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਕਈ ਥਾਵਾਂ ਉੱਤੇ ਨਗਰ ਕੌਂਸਲ ਵੱਲੋਂ ਲੋਕਾਂ ਦੀਆਂ ਜ਼ਮੀਨਾਂ ਅੱਗੇ ਕੂੱੜੇ ਦੇ ਢੇਰ ਲਗਾ ਦਿੱਤੇ ਗਏ ਸਨ। ਜਦੋਂ ਇਸ ਦਾ ਵਿਰੋਧ ਹੋਣ ਲੱਗਾ ਤਾਂ ਕੂੱੜਾ ਸੁੱਟਣਾ ਬੰਦ ਹੋ ਗਿਆ। ਕੂੜੇ ਦੀ ਸਮੱਸਿਆ ਅਤੇ ਬਿਮਾਰੀਆਂ ਫੈਲਣ ਤੋਂ ਡਰੇ ਲੋਕਾਂ ਨੇ ਆਉਂਦੀਆਂ ਨਗਰ ਕੌਂਸਲ ਚੋਣਾਂ ਵਿੱਚ ਚੁਣੇ ਹੋਏ ਕੌਂਸਲਰਾਂ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ ਹੈ। ਪੋਨਾ ਕੋਠਾ ਰੋਡ ਉੱਤੇ ਉਪ-ਮੰਡਲ ਮੈਜਿਸਟਰੇਟ ਅਪਨੀਤ ਕੌਰ ਰਿਆਤ ਦੇ ਯਤਨਾਂ ਸਦਕਾ ਛੱਪੜ ਪੂਰ ਕੇ ਬਣਾਏ ਗਏ ਸੁੰਦਰ ਪਾਰਕ ਨੂੰ ਬਚਾਉਣ ਵਿੱਚ ਵੀ ਨਗਰ ਕੌਂਸਲ ਕਾਮਯਾਬ ਨਹੀਂ ਹੋ ਸਕੀ। ਕੂੜੇ ਦੇ ਡੰਪ ਤਾਂ ਬਣਾ ਦਿੱਤੇ ਪਰ ਉਨ੍ਹਾਂ ਡੰਪਾਂ ਤੋਂ ਅੱਗੇ ਕੂੱੜਾ ਕਿੱਥੇ ਸੰਭਾਲਣਾ ਹੈ, ਇਸ ਬਾਰੇ ਕਿਸੇ ਵੀ ਕੌਂਸਲਰ ਜਾਂ ਪ੍ਰਬੰਧਕੀ ਟੀਮ ਦੇ ਮੈਂਬਰਾਂ ਵੱਲੋਂ ਉੱਦਮ ਨਹੀਂ ਕੀਤੇ ਗਏ। ਕੁੱਲ ਮਿਲਾ ਕੇ ਸਿਆਸਤ ਦੀ ਭੇਟ ਚੜ੍ਹਿਆ ਰੌਸ਼ਨੀਆਂ ਦਾ ਸ਼ਹਿਰ ਜਗਰਾਉਂ ਕੂੜੇ ਦੇ ਢੇਰਾਂ ’ਚ ਤਬਦੀਲ ਹੁੰਦਾ ਜਾ ਰਿਹਾ ਹੈ। ਉਪ-ਮੰਡਲ ਮੈਜਿਸਟਰੇਟ ਕਰਨਦੀਪ ਸਿੰਘ ਨਾਲ ਇਸ ਸਮੱਸਿਆ ਬਾਰੇ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਅਮਲੇ ਨੂੰ ਇਸ ਦੇ ਹੱਲ ਲਈ ਹਦਾਇਤਾਂ ਕੀਤੀਆਂ ਗਈਆਂ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੀ ਧਿਆਨ ਵਿੱਚ ਲਿਆਂਦਾ ਗਿਆ ਹੈ। ਕਾਰਜਸਾਧਕ ਅਫ਼ਸਰ ਸੁਖਦੇਵ ਸਿੰਘ ਰੰਧਾਵਾ ਨੇ ਆਖਿਆ ਕਿ ਕੂੜੇ ਦੀ ਸਮੱਸਿਆ ਦਾ ਜਲਦੀ ਹੀ ਹੱਲ ਕੀਤਾ ਜਾਵੇਗਾ।