ਗੁਰਿੰਦਰ ਸਿੰਘ
ਲੁਧਿਆਣਾ, 25 ਜੂਨ
ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਵਿਜੀਲੈਂਸ ਕਾਰਵਾਈ ਦੀ ਅੱਜ ਇਥੇ ਵੱਖ-ਵੱਖ ਆਗੂਆਂ ਵੱਲੋਂ ਨਿਖੇਧੀ ਕੀਤੀ ਗਈ। ਵਿਜੀਲੈਂਸ ਦੀ ਇਸ ਕਾਰਵਾਈ ਨੂੰ ਮਾਨ ਸਰਕਾਰ ਦੀ ਬਦਲਾਲਊ ਨੀਤੀ ਤਹਿਤ ਅਮਲ ਵਿੱਚ ਲਿਆਂਦੇ ਜਾਣ ਦਾ ਦੋਸ਼ ਵੀ ਲਾਇਆ ਗਿਆ।
ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵਿਜੀਲੈਂਸ ਦਾ ਸਿਆਸੀਕਰਨ ਕਰਕੇ ਬਿਕਰਮ ਸਿੰਘ ਮਜੀਠੀਆ ਨੂੰ ਬਿਨਾਂ ਕਿਸੇ ਕਾਰਨ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਲੋਕ ਮਸਲਿਆਂ ਪ੍ਰਤੀ ਸੁਚੇਤ ਹੋ ਕੇ ਸਰਕਾਰ ਦੀਆਂ ਕਮਜ਼ੋਰੀਆਂ ਦਾ ਭਾਂਡਾ ਚੁਰਾਹੇ ਵਿੱਚ ਭੰਨਦੇ ਹਨ। ਇਸ ਤੋਂ ਬੁਖਲਾਹਟ ਵਿੱਚ ਆ ਕੇ ਭਗਵੰਤ ਮਾਨ ਮਜੀਠੀਆ ਦੀ ਆਵਾਜ਼ ਦਬਾਉਣ ਲਈ ਘਟੀਆ ਹਰਕਤਾਂ ’ਤੇ ਉਤਰ ਆਏ ਹਨ ਪਰ ਅਕਾਲੀ ਦਲ ਸਰਕਾਰ ਦੀ ਹਰ ਧੱਕੇਸ਼ਾਹੀ ਦਾ ਦਲੇਰੀ ਨਾਲ ਜਵਾਬ ਦੇਵੇਗਾ।
ਇਸ ਦੌਰਾਨ ਇਸਤਰੀ ਅਕਾਲੀ ਦਲ ਦੀ ਸਾਬਕਾ ਪ੍ਰਧਾਨ ਸੁਰਿੰਦਰ ਕੌਰ ਦਿਆਲ ਨੇ ਵੀ ਭਗਵੰਤ ਮਾਨ ਸਰਕਾਰ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ। ਬੀਬੀ ਦਿਆਲ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਵੱਲੋਂ ਬਿਕਰਮ ਸਿੰਘ ਮਜੀਠੀਆ ਦੇ ਘਰ ਵਿਜੀਲੈਂਸ ਪੁਲੀਸ ਵੱਲੋਂ ਦੁਰਵਿਵਹਾਰ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨਾ ਅੱਤ ਘਟੀਆ ਦਰਜ਼ੇ ਦੀ ਰਾਜਨੀਤੀ ਹੈ। ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੀ ਵਿਧਾਇਕ ਪਤਨੀ ਬੀਬਾ ਗਨੀਵ ਕੌਰ ਨਾਲ ਵੀ ਦੁਰਵਿਵਹਾਰ ਕਰਨਾ ਸਵਿਧਾਨਿਕ ਹੱਕਾਂ ਦੀ ਉਲੰਘਣਾ ਅਤੇ ਔਰਤਾਂ ਦੀ ਨਿਰਦਾਰੀ ਕਰਨਾ ਹੈ ਜਿਸ ਨੂੰ ਕੋਈ ਵੀ ਬਰਦਾਸ਼ਤ ਨਹੀਂ ਕਰੇਗਾ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਤੇ ਕਾਜੇਰੀਵਾਲ ਨੂੰ ਬਦਲਾਲਊ ਭਾਵਨਾ ਤਹਿਤ ਕਾਰਵਾਈ ਕਰਨ ਦੀ ਥਾਂ ਪੰਜਾਬ ਦੇ ਜ਼ਰੂਰੀ ਟਮੁੱਦਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ। ਜ਼ਿਲ੍ਹਾ ਅਕਾਲੀ ਜੱਥਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਅਤੇ ਅਕਾਲੀ ਆਗੂ ਗੁਰਦੀਪ ਸਿੰਘ ਲੀਲ ਨੇ ਵੀ ਵਿਜੀਲੈਂਸ ਪੁਲੀਸ ਦੀ ਕਾਰਵਾਈ ਦੀ ਨਿੰਦਾ ਕਰਦਿਆਂ ਮੰਗ ਕੀਤੀ ਹੈ ਕਿ ਸਰਕਾਰ ਅਜਿਹੀਆਂ ਸਾਜ਼ਿਸ਼ਾਂ ਰੱਚਣ ਦੀ ਥਾਂ ਪੰਜਾਬ ਦੀ ਵਿਗੜੀ ਸਥਿਤੀ ਸੁਧਾਰਨ ਵੱਲ ਧਿਆਨ ਦੇਣ।