ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 5 ਜੁਲਾਈ
ਲੈਂਡ ਪੂਲਿੰਗ ਪਾਲਿਸੀ ਖ਼ਿਲਾਫ਼ ਇਲਾਕੇ ਦੇ ਪਿੰਡਾਂ ਵਲੋਂ ਉਲੀਕੇ 7 ਜੁਲਾਈ ਦੇ ਧਰਨੇ ਤੇ ਰੋਸ ਮਾਰਚ ਦੀ ਹਮਾਇਤ ਕਰਦਿਆਂ ਕਾਂਗਰਸ ਨੇ ਇਸ ਵਿੱਚ ਸ਼ਮੂਲੀਅਤ ਦਾ ਐਲਾਨ ਕੀਤਾ ਹੈ। ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ ਹਿੱਸੋਵਾਲ, ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ ਤੇ ਬਲਾਕ ਕਾਂਗਰਸ ਦਿਹਾਤੀ ਪ੍ਰਧਾਨ ਨਵਦੀਪ ਗਰੇਵਾਲ ਨੇ ਅੱਜ ਇਥੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਸਮੇਂ ਪਾਰਟੀ ਵਰਕਰਾਂ ਨੂੰ ਇਸ ਧਰਨੇ ਵਿੱਚ ਵੱਧ ਚੜ੍ਹ ਕੇ ਸ਼ਾਮਲ ਕਰਨ ਲਈ ਪ੍ਰੇਰਿਆ ਗਿਆ। ਸਾਬਕਾ ਵਿਧਾਇਕ ਹਿੱਸੋਵਾਲ ਨੇ ਪੰਜਾਬ ਸਰਕਾਰ ਦੀ ਨਵੀਂ ਲੈਂਡ ਪੂਲਿੰਗ ਪਾਲਸੀ ਨੂੰ ਪੰਜਾਬ ਲਈ ਖ਼ਤਰਨਾਕ ਕਰਾਰ ਦਿੰਦਿਆਂ ਕਿਹਾ ਕਿ ਇਹ ਨੀਤੀ ਪੰਜਾਬ ਦਾ ਉਜਾੜਾ ਕਰੇਗੀ। ਇਸ ਲਈ ਸਾਰੇ ਪਿੰਡਾਂ ਨੂੰ ਇਕਜੁੱਟ ਹੋ ਕੇ ਇਸ ਖ਼ਿਲਾਫ਼ ਖੜ੍ਹਨਾ ਚਾਹੀਦਾ ਹੈ। ਇਹ ਨਹੀਂ ਸੋਚਣਾ ਚਾਹੀਦਾ ਕਿ ਅੱਜ ਇਸ ਵਿੱਚ ਮਲਕ, ਪੋਨਾ, ਅਲੀਗੜ੍ਹ ਜਾਂ ਫਲਾਣੇ ਪਿੰਡ ਹਨ। ਜੇਕਰ ਇਕ ਵਾਰ ਪਿਰਤ ਪੈ ਗਈ ਤਾਂ ਕੱਲ੍ਹ ਨੂੰ ਬਾਕੀ ਪਿੰਡਾਂ ਦੀ ਉਪਜਾਊ ਜ਼ਮੀਨ ਐਕੁਆਇਰ ਕਰਨ ਲਈ ਵੀ ਇਹੋ ਯੋਜਨਾ ਅੱਗੇ ਵਧਾਈ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਇਕ ਡੂੰਘੀ ਸਾਜਿਸ਼ ਤਹਿਤ ਜ਼ਮੀਨਾਂ ਹਥਿਆਉਣ ਦੇ ਯਤਨ ਹੋ ਰਹੇ ਹਨ। ਪੰਜਾਬ ਖੇਤੀ ਪ੍ਰਧਾਨ ਸੂਬਾ ਅਤੇ ਜੇਕਰ ਸੈਂਕੜੇ ਕਿਸਾਨਾਂ ਦੀ ਹਜ਼ਾਰਾਂ ਏਕੜ ਜ਼ਮੀਨ ਜਬਰਨ ਖੋਹ ਲਈ ਜਾਵੇਗੀ ਤਾਂ ਉਹ ਕਿਸਾਨ ਬੇਰੁਜ਼ਗਾਰ ਹੋਣਗੇ। ਇਸ ਨਾਲ ਪੰਜਾਬ ਵਿੱਚ ਕਣਕ ਤੇ ਹੋਰ ਜਿਣਸਾਂ ਦੀ ਪੈਦਾਵਾਰ ਵੀ ਘਟੇਗੀ ਤੇ ਕਿਸਾਨਾਂ ਦੇ ਨਾਲ ਨਾਲ ਦੁਕਾਨਦਾਰ ਤੇ ਵਪਾਰੀ ਵਰਗ ਦਾ ਵੀ ਵੱਡਾ ਮਾਲੀ ਨੁਕਸਾਨ ਹੋਵੇਗਾ। ਇਹ ਨਵੀਂ ਪਾਲਸੀ ਲਾਗੂ ਹੋਣ ਨਾਲ ਹਰਿਆਲੀ ਤੇ ਖੁਸ਼ਹਾਲੀ ਲਈ ਜਾਣਿਆ ਜਾਂਦਾ ਪੰਜਾਬ ਕੰਕਰੀਟ ਤੇ ਪੱਥਰਾਂ ਦੀ ਭੂਮੀ ਬਣ ਜਾਵੇਗਾ। ਹਲਕਾ ਇੰਚਾਰਜ ਹਿੱਸੋਵਾਲ ਨੇ ਹਾਕਮ ਧਿਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਸਾਰੀਆਂ ਵਿਰੋਧੀ ਸਿਆਸੀ ਧਿਰਾਂ, ਕਿਸਾਨ ਤੇ ਜਨਤਕ ਜਥੇਬੰਦੀਆਂ ਨੂੰ ਇਕਜੁੱਟ ਹੋ ਕੇ ਵੱਡਾ ਸੰਘਰਸ਼ ਵਿੱਢਣ ਅਤੇ ਇਸ ਧਰਨੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਸਰਕਾਰ ਨੂੰ ਵੀ ਚਿਤਾਵਨੀ ਦਿੱਤੀ ਕਿ ਇਹ ਨੀਤੀ ਵਾਪਸ ਨਾ ਲਏ ਜਾਣ 'ਤੇ ਕਾਂਗਰਸ ਪਾਰਟੀ ਵੀ ਸੰਘਰਸ਼ ਵਿੱਢੇਗੀ ਜਿਸ ਬਾਰੇ ਜਲਦ ਹੀ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਐਲਾਨ ਕਰਨਗੇ।