ਬਾਲ ਸਾਹਿਤ ਉਤਸਵ ’ਚ ਕੁਲਰਾਜ ਤੇ ਸਾਨੀਆ ਵੱਲੋਂ ਪੇਸ਼ਕਾਰੀ
ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਸਮਰਾਲਾ ਦੇ 2 ਵਿਦਿਆਰਥੀਆਂ ਨੇ ਇੱਕ ਰੋਜ਼ਾ ਬਾਲ ਸਾਹਿਤ ਉਤਸਵ ਵਿਚ ਭਾਗ ਲਿਆ ਜੋ ਗੁਰੂ ਅਰਜਨ ਦੇਵ ਸਿੰਘ ਸਭਾ ਗੁਰਦੁਆਰਾ, ਖਰੜ ਵਿੱਚ ਸੁੱਖੀ ਬਾਠ ਕੈਨੇਡਾ ਅਗਵਾਈ ਹੇਠ ਕਰਵਾਇਆ ਗਿਆ। ਇਸ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਵਿਦਿਆਰਥੀਆਂ ਦੀ ਪੁਸਤਕ ‘ਨਵੀਆਂ ਕਲਮਾਂ ਨਵੀਂ ਉਡਾਣ’ ਭਾਗ-2 ਨੂੰ ਲੋਕ ਅਰਪਣ ਕੀਤਾ ਗਿਆ ਜਿਸ ਦਾ ਮੁੱਖ ਉਦੇਸ਼ ਬਾਲ ਮਨਾਂ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਪਿਆਰ ਅਤੇ ਸਿਰਜਣਾ ਦੇ ਬੀਜ ਬੀਜਣਾ ਅਤੇ ਉਹਨਾਂ ਨੂੰ ਆਪਣੀ ਮਾਂ ਭੂਮੀ ਨਾਲ ਜੋੜਨਾ ਹੈ। ਨਵੀਆਂ ਕਲਮਾਂ ਨਵੀਂ ਉਡਾਨ ਪ੍ਰਾਜੈਕਟ ਤਹਿਤ ਸਮੂਹ ਟੀਮ ਦਾ ਵਿਦਿਆਰਥੀਆਂ ਦੇ ਸਹਿਯੋਗ ਨਾਲ ਕੀਤਾ ਇਹ ਉਪਰਾਲਾ ਆਉਣ ਵਾਲੀ ਪੀੜ੍ਹੀ ਨੂੰ ਪੰਜਾਬੀ ਬੋਲੀ ਨਾਲ ਜੋੜਨ ਵਿੱਚ ਸਹਾਈ ਹੋਵੇਗਾ ਅਤੇ ਭਾਸ਼ਾ ਦੇ ਨਿਘਾਰ ਨੂੰ ਰੋਕਣ ਵਿੱਚ ਕੋਸ਼ਿਸ਼ ਕਰੇਗਾ। ਸਾਹਿਤ ਉਤਸਵ ਵਿੱਚ ਕੁਲਰਾਜ ਸਿੰਘ ਅਤੇ ਸਾਨੀਆ ਨੇ ਕਵਿਤਾਵਾਂ ਪੜ੍ਹੀਆਂ। ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਨੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਸਾਰੇ ਵਿਦਿਆਰਥੀਆਂ ਨੂੰ ਅੱਗੇ ਤੋਂ ਵੱਧ ਚੜ੍ਹ ਕੇ ਆਪਣੀਆਂ ਭਾਵਨਾਵਾਂ ਨੂੰ ਕਵਿਤਾਵਾਂ ਦੇ ਰੂਪ ਵਿੱਚ ਬਿਆਨ ਕਰਨ ਲਈ ਪ੍ਰੇਰਿਤ ਕੀਤਾ, ਕਿਉਂਕਿ ਚੰਗਾ ਲੇਖਣ ਹੀ ਚੰਗਾ ਸਮਾਜ ਸਿਰਜਣ ਵਿਚ ਅਹਿਮ ਭੂਮਿਕਾ ਨਿਭਾ ਸਕਦਾ ਹੈ।