ਨਿੱਜੀ ਪੱਤਰ ਪ੍ਰੇਰਕ
ਖੰਨਾ, 2 ਜੁਲਾਈ
ਇਸਕੋਨ ਫੈਸਟੀਵਲ ਕਮੇਟੀ ਖੰਨਾ ਵੱਲੋਂ 9ਵੀਂ ਵਿਸ਼ਾਲ ਭਗਵਾਨ ਸ਼੍ਰੀ ਜਗਨਨਾਥ ਰੱਥ ਯਾਤਰਾ ਚੇਅਰਮੈਨ ਪ੍ਰੀਆ ਗੋਬਿੰਦ ਦਾਸ ਪਵਨ ਸਚਦੇਵਾ ਅਤੇ ਹਰਵਿੰਦਰ ਕੁਮਾਰ ਸ਼ੰਟੂ ਦੀ ਅਗਵਾਈ ਹੇਠ ਸਜਾਈ ਗਈ। ਇਹ ਰੱਥ ਯਾਤਰਾ ਅਮਲੋਹ ਰੋਡ ਤੋ ਆਰੰਭ ਹੋ ਕੇ ਬੱਸ ਸਟੈਂਡ, ਲਲਹੇੜੀ ਰੋਡ, ਕਲਗੀਧਰ ਚੌਕ, ਮਲੇਰਕੋਟਲਾ ਰੋਡ, ਸਮਰਾਲਾ ਰੋਡ, ਰੇਲਵੇ ਰੋਡ ਅਤੇ ਵੱਖ ਵੱਖ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਸਮਾਧੀ ਰੋਡ ਤੇ ਪਹੁੰਚ ਕੇ ਸਮਾਪਤ ਹੋਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਭਗਵਾਨ ਜਗਨਨਾਥ ਨੂੰ ਪ੍ਰਾਰਥਨਾ ਕਰਦਿਆਂ ਰੱਥ ਯਾਤਰਾ ਨੂੰ ਨਾਰੀਅਲ ਭੰਨ੍ਹ ਕੇ ਰਵਾਨਾ ਕੀਤਾ। ਉਨ੍ਹਾਂ ਸੰਗਤ ਨੂੰ ਭਗਵਾਨ ਜਗਨਨਾਥ ਸਬੰਧੀ ਜਾਣਕਾਰੀ ਦਿੱਤੀ।
ਇਸ ਮੌਕੇ ਹਜ਼ਾਰਾਂ ਸ਼ਰਧਾਲੂਆਂ ਵੱਲੋਂ ਹਰੇ ਕ੍ਰਿਸ਼ਨ ਮੰਤਰ ਜਾਪ ਨਾਲ ਸਾਰਾ ਸ਼ਹਿਰ ਗੂੰਜਿਆ ਅਤੇ ਦੇਸ਼ ਵਿਦੇਸ਼ ਤੋਂ ਸ਼ਾਮਲ ਹੋਏ ਲੋਕਾਂ ਨੇ ਨੱਚ ਕੇ ਆਪਣੀ ਸ਼ਰਧਾ ਪ੍ਰਗਟ ਕੀਤੀ। ਯਾਤਰਾ ਦੇ ਸਵਾਗਤ ਲਈ ਸ਼ਹਿਰ ਵਿੱਚ ਥਾਂ ਥਾਂ ਤੇ ਸਵਾਗਤੀ ਗੇਟ ਸਜਾਏ ਗਏ ਅਤੇ ਵੱਖ ਵੱਖ ਤਰ੍ਹਾਂ ਦੇ ਲੰਗਰ ਲਾਏ। ਇਸ ਮੌਕੇ ਕੌਂਸਲਰ ਰੂਬੀ ਭਾਟੀਆ, ਹਰਜੀਤ ਸਿੰਘ ਵਿੱਕੀ, ਪੰਡਿਤ ਰੌਸ਼ਨ ਲਾਲ, ਮੋਹਨ ਲਾਲ, ਸੁਰਿੰਦਰ ਸ਼ਰਮਾ, ਸੰਦੀਪ ਸਿੰਘ, ਜਤਿੰਦਰ ਛਾਬੜਾ, ਰਾਜੇਸ਼ ਵਿਜ, ਵਰਿੰਦਰ ਕੁਮਾਰ, ਸੁਰੇਸ਼ ਕੌਸ਼ਿਕ ਤੇ ਹੋਰ ਹਾਜ਼ਰ ਸਨ।