ਸਰਕਾਰ ਨੂੰ ਸੂਬਾ ਵਾਸੀਆਂ ਦੀ ਕੋਈ ਪ੍ਰਵਾਹ ਨਹੀਂ: ਸੁਖਬੀਰ ਬਾਦਲ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 11 ਜੁਲਾਈ
ਸੂਬੇ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੁਧਿਆਣਾ ਜ਼ਿਲ੍ਹੇ ਦੀ 24 ਹਜ਼ਾਰ ਏਕੜ ਦੇ ਕਰੀਬ ਜ਼ਮੀਨ ਐਕੁਆਇਰ ਕਰਨ ਦੇ ਫੈਸਲੇ ਦੇ ਵਿਰੋਧ ਵਿੱਚ ਅੱਜ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਨੇ ਪਿੰਡ ਮਲਕ, ਪੋਨਾ ਅਤੇ ਅਲੀਗੜ੍ਹ ਦੇ ਲੋਕਾਂ ਨਾਲ ਮੀਟਿੰਗ ਕੀਤੀ। ਪਿੰਡ ਮਲਕ ’ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਾਬਕਾ ਚੇਅਰਮੈਨ ਦੀਦਾਰ ਸਿੰਘ ਦੇ ਗ੍ਰਹਿ ਵਿੱਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ‘ਆਪ’ ਦੀਆਂ ਕਿਸਾਨ-ਮਜ਼ਦੂਰ ਮਾਰੂ ਨੀਤੀਆਂ ਦੀ ਆਲੋਚਨਾ ਕੀਤੀ, ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਕੋਈ ਸਰੋਕਾਰ ਨਹੀਂ ਹੈ, ਕੇਜਰੀਵਾਲ ਦੇ ਇਸ਼ਾਰੇ ’ਤੇ ਪੰਜਾਬ ਨੂੰ ਲੁੱਟਿਆ ਅਤੇ ਕੁੱਟਿਆ ਜਾ ਰਿਹਾ ਹੈ, ਅੱਜ ਲੋੜ੍ਹ ਹੈ ਪੰਜਾਬ ਦੀ ਬਿਹਤਰੀ ਖੁਸ਼ਹਾਲੀ ਲਈ ਸ਼੍ਰੋਮਣੀ ਅਕਾਲੀ ਜੋ ਕਿ ਪੰਜਾਬ ਦੇ ਲੋਕਾਂ ਦੀ ਆਪਣੀ ਖੇਤਰੀ ਪਾਰਟੀ ਹੈ ਨੂੰ ਮਜ਼ਬੂਤ ਕਰਨ ਦੀ। ਉਨ੍ਹਾਂ ਆਖਿਆ ਕਿ ਚੰਡੀਗੜ੍ਹ ਬਣੇ ਨੂੰ 70 ਵਰ੍ਹਿਆਂ ਤੋਂ ਉੱਪਰ ਸਮਾਂ ਹੋ ਗਿਆ, ਉਸ ਵੇਲੇ ਐਕੁਆਇਰ ਕੀਤੀ ਗਈ ਜ਼ਮੀਨ ਵਿੱਚੋਂ ਅਜੇ ਵੀ 8 ਹਜ਼ਾਰ ਏਕੜ ਦੇ ਕਰੀਬ ਜ਼ਮੀਨ ਵੇਹਲੀ ਪਈ ਹੈ, ਇੱਥੇ ਭਗਵੰਤ ਮਾਨ ਇਕੱਲੇ ਲੁਧਿਆਣੇ ਜਿਲ੍ਹੇ ਦੀ ਹੀ ਉਪਜਾਊ ਖੇਤੀਬਾੜੀ ਵਾਲੀ 24 ਹਜ਼ਾਰ ਏਕੜ ਜ਼ਮੀਨ ਖੋਹਣ ਦੇ ਯਤਨ ਕਰ ਰਿਹਾ ਹੈ।
ਇਕੱਠ ਵਿੱਚ ਬੈਠੇ ਤਿੰਨਾਂ ਪਿੰਡਾਂ ਦੇ ਕਿਸਾਨਾਂ ਨੂੰ ਮੁਖਾਤਿਬ ਹੁੰਦਿਆਂ ਸੁਖਬੀਰ ਬਾਦਲ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਇੱਕ ਇੰਚ ਵੀ ਜਮੀਨ ਸਰਕਾਰ ਨੂੰ ਖੋਹਣ ਨਹੀਂ ਦੇਵੇਗਾ ਭਾਂਵੇ ਉਨ੍ਹਾਂ ਨੂੰ ਜਾਨ ਦੀ ਕੁਰਬਾਨੀ ਕਿਉਂ ਨਾ ਦੇਣੀ ਪਏ।ਸਰਕਾਰ ਦੀਆਂ ਸੌੜੀਆਂ ਨੀਤੀਆਂ ਖਿਲਾਫ ਆਰੰਭੇ ਸਘੰਰਸ਼ ਦੀ ਗੱਲ ਕਰਦਿਆਂ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਉ ਸ਼੍ਰੋਮਣੀ ਅਕਾਲੀ ਦਲ ਨੂੰ ਸੁਰਜੀਤ ਕਰੀਏ ਅਤੇ ਪੰਜਾਬ ਦੀ ਵਾਗਡੋਰ ਆਪਣੀ ਖੇਤਰੀ ਪਾਰਟੀ ਦੇ ਹੱਥ ਫੜਾਈਏ। ਉਨ੍ਹਾਂ ਆਖਿਆ ਕਿ 15 ਜੁਲਾਈ ਤੋਂ ਦਿੱਤੇ ਜਾਣ ਵਾਲੇ ਧਰਨੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰੀਏ। ਅੰਤ ਵਿੱਚ ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਰਾਂ ਵਿੱਚ ਬੈਠ ਕੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਜਵਾਬ ਨਹੀਂ ਦਿੱਤਾ ਜਾ ਸਕਦਾ,ਘਰਾਂ ਤੋਂ ਬਾਹਰ ਨਿਕਲ ਧਰਨੇ ਦੇ ਕੇ ਸਰਕਾਰ ਦੇ ਕੰਨ ਖੋਹਲੇ ਜਾ ਸਕਦੇ ਹਨ।