ਗੈਸ ਫੈਕਟਰੀ ਮੋਰਚਾ: ਧਰਨਾਕਾਰੀਆਂ ਨੂੰ ਪਤਿਆਉਣ ’ਚ ਪ੍ਰਸ਼ਾਸਨ ਨਾਕਾਮ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 4 ਜੁਲਾਈ
ਦੋ ਪਿੰਡਾਂ ਵਿੱਚ ਲੱਗ ਰਹੀਆਂ ਗੈਸ ਫੈਕਟਰੀਆਂ ਖ਼ਿਲਾਫ਼ ਇਨ੍ਹਾਂ ਪਿੰਡਾਂ ਦੇ ਲੋਕ ਸਵਾ ਸਾਲ ਤੋਂ ਪੱਕਾ ਮੋਰਚਾ ਲਾ ਕੇ ਡਟੇ ਹੋਏ ਹਨ। ਬੇਟ ਦੇ ਪਿੰਡ ਭੂੰਦੜੀ ਵਿੱਚੋਂ ਤਾਂ ਫੈਕਟਰੀ ਮਾਲਕ ਨੇ ਸਾਮਾਨ ਚੁੱਕ ਲਿਆ ਹੈ ਜਦਕਿ ਅਖਾੜਾ ਪਿੰਡ ਵਾਲੀ ਗੈਸ ਫੈਕਟਰੀ ਚਾਲੂ ਕਰਵਾਉਣ ਦੇ ਯਤਨ ਜਾਰੀ ਹਨ। ਅੱਜ ਉਪ ਮੰਡਲ ਮੈਜਿਸਟਰੇਟ ਨੇ ਸਹਿਮਤੀ ਬਣਾਉਣ ਲਈ ਮੀਟਿੰਗ ਸੱਦੀ ਜਿਸ ਦੌਰਾਨ ਇੱਕ ਵਾਰ ਮਾਹੌਲ ਤਲਖੀ ਵਾਲਾ ਵੀ ਹੋਇਆ। ਪ੍ਰਸ਼ਾਸਨ ਨੇ ਵਿਰੋਧ ਕਰ ਰਹੇ ਲੋਕਾਂ ਨੂੰ ਪਤਿਆਉਣ ਦੀ ਕੋਸ਼ਿਸ਼ ਕੀਤੀ ਪਰ ਪਿੰਡ ਵਾਸੀ ਤੇ ਹਮਾਇਤੀ ਜਥੇਬੰਦੀਆਂ ਦੇ ਨੁਮਾਇੰਦੇ ਗੈਸ ਫੈਕਟਰੀ ਨੂੰ ਪੱਕੇ ਜਿੰਦਰੇ ਮਾਰਨ ’ਤੇ ਅੜੇ ਰਹੇ। ਇਨ੍ਹਾਂ ਲੋਕਾਂ ਨੇ ਕਿਹਾ ਕਿ ਜੇਕਰ ਫੈਕਟਰੀ ਚਲਾਉਣੀ ਹੈ ਤਾਂ ਆਬਾਦੀ ਤੋਂ ਦੂਰ ਕਿਤੇ ਹੋਰ ਤਬਦੀਲ ਕੀਤੀ ਜਾਵੇ। ਐੱਸਡੀਐੱਮ ਕਰਨਦੀਪ ਸਿੰਘ ਵਲੋਂ ਸੱਦੀ ਇਹ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਹੁਣ ਭਲਕੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਚੰਡੀਗੜ੍ਹ ਵਿੱਚ ਦੁਪਹਿਰ ਡੇਢ ਵਜੇ ਇਨ੍ਹਾਂ ਲੋਕਾਂ ਦੀ ਮੀਟਿੰਗ ਹੋਵੇਗੀ ਜਿਸ ਵਿੱਚ ਸਹਿਮਤੀ ਬਣਾਉਣ ਦਾ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਇੱਕ ਹੋਰ ਯਤਨ ਹੋਵੇਗਾ। ਦੂਜੇ ਪਾਸੇ ਇਹ ਲੋਕ ਵੀ ਫੈਕਟਰੀ ਨੂੰ ਚਾਲੂ ਨਾ ਹੋਣ ਦੇ ਲਈ ਬਜ਼ਿੱਦ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਵਾ ਸਾਲ ਤੋਂ ਉਹ ਕਿਸੇ ਮਕਸਦ ਨਾਲ ਹੀ ਡਟੇ ਹੋਏ ਹਨ। ਇਸ ਸਮੇਂ ਦੌਰਾਨ ਪੁਲੀਸ ਪ੍ਰਸ਼ਾਸਨ ਦੇ ਕਈ ਹੱਲੇ ਵੀ ਝੱਲੇ। ਮੀਟਿੰਗ ਵਿੱਚ ਮੌਜੂਦ ਰਹੇ ਜਨਤਕ ਆਗੂ ਕੰਵਲਜੀਤ ਖੰਨਾ, ਬੀਕੇਯੂ (ਡਕੌਂਦਾ) ਦੇ ਜਗਤਾਰ ਸਿੰਘ ਦੇਹੜਕਾ, ਇੰਦਰਜੀਤ ਧਾਲੀਵਾਲ, ਗੁਰਤੇਜ ਸਿੰਘ ਅਖਾੜਾ ਤੇ ਹੋਰਨਾਂ ਨੇ ਦੱਸਿਆ ਕਿ ਐੱਸਡੀਐੱਮ ਨੇ ਤਿੰਨ ਵਜੇ ਉਨ੍ਹਾਂ ਨੂੰ ਗੱਲਬਾਤ ਲਈ ਸੱਦਿਆ। ਇੱਕ ਵਾਰ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਅਧਿਕਾਰੀ ਨੇ ਫੈਕਟਰੀ ਚੱਲਣ ਦੇਣ ਦੀ ਗੱਲ ਕਹੀ। ਇਸ ਸਮੇਂ ਸੁਖਜੀਤ ਸਿੰਘ, ਸਵਰਨ ਸਿੰਘ ਤੇ ਹੋਰ ਅਖਾੜਾ ਵਾਸੀ ਹਾਜ਼ਰ ਸਨ।
- ਸੂਬਾ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ
ਪ੍ਰਸ਼ਾਸਨ ਦਾ ਕਹਿਣਾ ਸੀ ਕਿ ਇੱਕ ਵਾਰ ਫੈਕਟਰੀ ਚਾਲੂ ਹੋਣ ਦਿੱਤੀ ਜਾਵੇ ਅਤੇ ਜੋ ਵੀ ਮਸਲੇ ਹਨ ਉਹ ਬਾਅਦ ਵਿੱਚ ਹੱਲ ਕਰ ਲਏ ਜਾਣਗੇ। ਅਜਿਹੀ ਗੱਲ ਸੁਣ ਕੇ ਨੁਮਾਇੰਦੇ ਭੜਕ ਗਏ। ਇਸ ’ਤੇ ਰੋਹ ਵਿੱਚ ਆ ਕੇ ਉਹ ਉੱਠ ਕੇ ਬਾਹਰ ਆ ਗਏ। ਬਾਹਰ ਆ ਕੇ ਇਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ’ਤੇ ਲੁਧਿਆਣਾ ਦਿਹਾਤੀ ਦੇ ਪੁਲੀਸ ਕਪਤਾਨ ਰਮਿੰਦਰ ਸਿੰਘ ਦਿਓਲ ਨਾਰਾਜ਼ ਹੋਏ ਆਗੂਆਂ ਨੂੰ ਮਨਾਉਣ ਆਏ। ਉਨ੍ਹਾਂ ਕਾਫੀ ਯਤਨ ਕੀਤੇ ਅਤੇ ਕਿਹਾ ਕਿ ਭਲਕੇ ਮੁੱਖ ਮੰਤਰੀ ਭਗਵੰਤ ਨਾਲ ਮੀਟਿੰਗ ਕਰਵਾਈ ਜਾਵੇਗੀ। ਇਸ ਤਰ੍ਹਾਂ ਐੱਸਪੀ (ਐਚ) ਇਨ੍ਹਾਂ ਨੁਮਾਇੰਦਿਆਂ ਨੂੰ ਅੰਦਰ ਲੈ ਕੇ ਆਏ ਤੇ ਮੀਟਿੰਗ ਮੁੜ ਸ਼ੁਰੂ ਹੋਈ।