ਨਿੱਜੀ ਪੱਤਰ ਪ੍ਰੇਰਕ
ਮੁੱਲਾਂਪੁਰ ਦਾਖਾ, 10 ਜੁਲਾਈ
ਥਾਣਾ ਦਾਖਾ ਦੀ ਪੁਲੀਸ ਨੇ ਸ਼ਰਾਬ ਦੇ ਠੇਕੇ ਦੇ ਕਰਿੰਦੇ ਨੂੰ ਡਰਾ ਧਮਕਾ ਕੇ ਨਕਦੀ ਲੁੱਟਣ ਦੇ ਦੋਸ਼ ਵਿੱਚ ਚਾਰ ਨੌਜਵਾਨ ਕਾਬੂ ਕੀਤੇ ਹਨ। ਜਾਂਚ ਅਧਿਕਾਰੀ ਏਐੱਸਆਈ ਸੁਲੱਖਣ ਸਿੰਘ ਅਨੁਸਾਰ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਠੇਕੇ ’ਤੇ ਕੰਮ ਕਰਨ ਵਾਲੇ ਅਭੈ ਚੌਧਰੀ ਵਾਸੀ ਰੂਪਾ ਟੋਲਾ (ਬਿਹਾਰ) ਹਾਲ ਵਾਸੀ ਠੇਕਾ ਪਿੰਡ ਭਨੋਹੜ ਨੇ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਕਿ ਬੀਤੇ ਦਿਨੀਂ ਉਹ ਰੋਜ਼ਾਨਾ ਦੀ ਤਰ੍ਹਾਂ ਠੇਕੇ ’ਤੇ ਹਾਜ਼ਰ ਸੀ ਤਾਂ ਰਾਤ ਸਾਢੇ ਦਸ ਵਜੇ ਦੇ ਕਰੀਬ ਇਕ ਮੋਟਰਸਾਈਕਲ ’ਤੇ ਸਵਾਰ ਚਾਰ ਨੌਜਵਾਨ ਆਏ।
ਉਨ੍ਹਾਂ ਵਿੱਚੋਂ ਤਿੰਨ ਜਣਿਆਂ ਨੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ। ਇਹ ਠੇਕੇ ਅੰਦਰ ਆਏ ਤੇ ਇਨ੍ਹਾਂ ਵਿੱਚੋਂ ਦੋਹਾਂ ਨੇ ਕਰਿੰਦੇ ਦੀਆਂ ਬਾਹਾਂ ਫੜ ਲਈਆਂ ਅਤੇ ਤੀਜੇ ਨੇ ਪੈਂਟ ਦੀ ਜੇਬ ਵਿੱਚੋਂ ਗੱਲੇ ਦੀ ਚਾਬੀ ਕੱਢ ਲਈ। ਇਸ ਦੌਰਾਨ ਚੌਥਾ ਨੌਜਵਾਨ ਠੇਕੇ ਦੇ ਬਾਹਰ ਖੜ੍ਹਾ ਰਿਹਾ। ਫਿਰ ਇਨ੍ਹਾਂ ਨੇ ਡਰਾ ਧਮਕਾ ਕੇ ਗੱਲੇ ਵਿੱਚ ਪਏ ਕਰੀਬ 15 ਹਜ਼ਾਰ ਰੁਪਏ ਕੱਢ ਲਏ ਅਤੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਫਰਾਰ ਹੋ ਗਏ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਕਤ ਵਾਰਦਾਤ ਸਬੰਧੀ ਮਾਮਲਾ ਦਰਜ ਕਰਨ ਮਗਰੋਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕਥਿਤ ਦੋਸ਼ੀਆਂ ਸੂਰਜ ਸ਼ਰਮਾ, ਸੁਨੀਲ ਕੁਮਾਰ ਅਤੇ ਸਾਵਣ ਕੁਮਾਰ ਵਾਸੀਆਨ ਪਿੰਡ ਬੱਦੋਵਾਲ ਅਤੇ ਮੋਨੂੰ ਵਾਸੀ ਪਿੰਡ ਕੈਲਪੁਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।