ਕੌਮਾਂਤਰੀ ਹਵਾਈ ਅੱਡੇ ਦੇ ਐਤੀਆਣਾ ਦੇ ਕਿਸਾਨਾਂ ਨੂੰ ਬਦਲਵਾ ਰਾਹ ਮਿਲਿਆ
ਸੰਤੋਖ ਗਿੱਲ
ਗੁਰੂਸਰ ਸੁਧਾਰ, 2 ਜੁਲਾਈ
ਪਿੰਡ ਐਤੀਆਣਾ ਦੇ ਕਿਸਾਨਾਂ ਦੇ ਖੇਤਾਂ ਨੂੰ ਜਾਣ ਵਾਲਾ ਰਸਤਾ ਜੋ ਪਿੰਡ ਐਤੀਆਣਾ ਦੀ ਪੰਚਾਇਤ ਵੱਲੋਂ ਕਰੀਬ 6 ਸਾਲ ਪਹਿਲਾਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਅਧੀਨ ਲੁਧਿਆਣਾ ਵਿਕਾਸ ਅਥਾਰਿਟੀ (ਗਲਾਡਾ) ਤੋਂ ਖ਼ਰੀਦਿਆ ਗਿਆ ਸੀ, ਉਸ ਨੂੰ ਪਿੰਡ ਦੀ ਪੰਚਾਇਤ ਦੇ ਨਾਮ ਤਬਦੀਲ ਕਰਨ ਦੀ ਮਨਜ਼ੂਰੀ ਸ਼ਹਿਰੀ ਵਿਕਾਸ ਵਿਭਾਗ ਦੇ ਵਿਸ਼ੇਸ਼ ਸਕੱਤਰ ਵੱਲੋਂ ਦੇ ਦਿੱਤੀ ਗਈ ਹੈ। 6 ਸਾਲ ਲੰਬੀ ਕਾਨੂੰਨੀ ਲੜਾਈ ਲੜਨ ਵਾਲੇ ਪਿੰਡ ਐਤੀਆਣਾ ਦੇ ਸਾਬਕਾ ਸਰਪੰਚ ਲਖਵੀਰ ਸਿੰਘ ਅਤੇ ਗੁਰਮੀਤ ਸਿੰਘ ਗਿੱਲ ਨੇ ਸਰਕਾਰੀ ਪੱਤਰ ਜਾਰੀ ਹੋਣ ਬਾਅਦ ਪਿੰਡ ਦੇ ਕਿਸਾਨਾਂ ਦਾ ਮੂੰਹ ਮਿੱਠਾ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਗਲਾਡਾ ਵੱਲੋਂ ਕੌਮਾਂਤਰੀ ਹਵਾਈ ਅੱਡਾ ਹਲਵਾਰਾ ਨੇ ਨੇੜੇ ਹੀ ਪਿੰਡ ਐਤੀਆਣਾ ਦੇ ਕਿਸਾਨਾਂ ਦੇ ਖੇਤਾਂ ਨੂੰ ਜਾਣ ਵਾਲਾ ਰਸਤਾ ਵੀ 161 ਏਕੜ ਜ਼ਮੀਨ ਸਮੇਤ ਸਰਕਾਰ ਵੱਲੋਂ ਗ੍ਰਹਿਣ ਕਰ ਲਿਆ ਗਿਆ ਸੀ।
ਸਾਬਕਾ ਸਰਪੰਚ ਲਖਵੀਰ ਸਿੰਘ, ਗੁਰਮੀਤ ਸਿੰਘ ਗਿੱਲ, ਖੇਤੀਬਾੜੀ ਸਹਿਕਾਰੀ ਸਭਾ ਐਤੀਆਣਾ ਦੇ ਪ੍ਰਧਾਨ ਇੰਦਰਜੀਤ ਸਿੰਘ ਨੇ ਦੱਸਿਆ ਕਿ ਕੌਮਾਂਤਰੀ ਹਵਾਈ ਅੱਡੇ ਦੇ ਨੇੜੇ ਹੀ ਖੇਤਾਂ ਵੱਲ ਜਾਣ ਲਈ ਕਿਸਾਨਾਂ ਨੂੰ ਬਦਲਵਾ ਰਸਤਾ ਹਾਸਲ ਕਰਨ ਲਈ 6 ਸਾਲ ਦੇ ਸੰਘਰਸ਼ ਨੂੰ ਹੁਣ ਬੂਰ ਪਿਆ ਹੈ। ਕਈ ਵਾਰ ਭੁੱਖ ਹੜਤਾਲਾਂ, ਰੋਸ ਪ੍ਰਦਰਸ਼ਨ ਕਰਨ ਤੋਂ ਇਲਾਵਾ ਕਾਨੂੰਨੀ ਪੱਖ ਤੋਂ ਵੀ ਲੜਾਈ ਵਿੱਚ ਕਦੇ ਢਿੱਲ ਨਹੀਂ ਆਉਣ ਦਿੱਤੀ ਸੀ। ਇਸ ਮੌਕੇ ਰਛਮਿੰਦਰ ਸਿੰਘ ਘੋਲਾ, ਮੇਜਰ ਸਿੰਘ, ਰਜਿੰਦਰ ਸਿੰਘ ਨੰਬਰਦਾਰ, ਪਿਆਰਾ ਸਿੰਘ, ਗੁਰਦੀਪ ਸਿੰਘ, ਸਾਬਕਾ ਪ੍ਰਧਾਨ ਮਹਿੰਦਰ ਸਿੰਘ ਸਿੱਧੂ ਅਤੇ ਸਕੱਤਰ ਬਲਵਿੰਦਰ ਸਿੰਘ ਵੀ ਮੌਜੂਦ ਸਨ।