ਗਿਆਨ ਆਧਾਰਿਤ ਵਿਕਾਸ ਲਈ ਸਭ ਨੂੰ ਇੱਕ ਹੋਣ ਦੀ ਲੋੜ: ਬੁੱਧ ਰਾਮ
ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਜੁਲਾਈ
ਉੱਘੇ ਸਿੱਖਿਆ ਸ਼ਾਸਤਰੀ ਅਤੇ ਬੁਢਲਾਡਾ (ਮਾਨਸਾ) ਤੋਂ ਦੂਜੀ ਵਾਰ ਵਿਧਾਇਕ ਬਣੇ ਪ੍ਰਿੰਸੀਪਲ ਬੁੱਧ ਰਾਮ ਨੇ ਅੱਜ ਇਥੇ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨਾਲ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿੱਚ ਵਿਚਾਰ-ਵਟਾਂਦਰੇ ਦੌਰਾਨ ਕਿਹਾ ਕਿ ਪੰਜਾਬ ਵਿੱਚ ਗਿਆਨ ਆਧਾਰਿਤ ਵਿਕਾਸਮੁਖੀ ਸਮਾਜ ਦੀ ਉਸਾਰੀ ਲਈ ਸਭ ਵਰਗਾਂ ਨੂੰ ਸਿਰ ਜੋੜਨ ਦੀ ਲੋੜ ਹੈ ਕਿਉਂਕਿ ਗਿਆਨ ਪਰੰਪਰਾ ਦੀ ਨਿਰੰਤਰਤਾ ਬਗੈਰ ਕੋਈ ਵੀ ਸਮਾਜ ਵਿਕਾਸ ਨਹੀਂ ਕਰ ਸਕਦਾ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾਖ਼ੋਰੀ, ਕੰਮ-ਚੋਰੀ ਤੇ ਆਪਣੇ ਸੂਬੇ ਪ੍ਰਤੀ ਵੱਧ ਰਿਹਾ ਬੇਗਾਨਗੀ ਦਾ ਅਹਿਸਾਸ ਰੋਕਣ ਲਈ ਖੇਡਾਂ, ਸਾਹਿੱਤ ਤੇ ਸੱਭਿਆਚਾਰ ਦਾ ਪ੍ਰਸਾਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਸੂਬੇ ਦੀਆਂ ਸਾਹਿੱਤਕ , ਸੱਭਿਆਚਾਰਕ, ਧਾਰਮਿਕ ਤੇ ਖੇਡ ਸੰਸਥਾਵਾਂ ਨੂੰ ਸਿਰਤੋੜ ਯਤਨ ਕਰਨ ਦੀ ਲੋੜ ਹੈ। ਪ੍ਰਿੰਸੀਪਲ ਬੁੱਧ ਰਾਮ ਪੰਜਾਬੀ ਲੇਖਕ ਤੇ ਆਪਣੇ ਸਨੇਹੀ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਗੋਡਿਆਂ ਦੀ ਸਰਜਰੀ ਉਪਰੰਤ ਖ਼ਬਰਸਾਰ ਲਈ ਆਏ ਸਨ। ਪ੍ਰੋ. ਗਿੱਲ ਨੇ ਪ੍ਰਿੰਸੀਪਲ ਬੁੱਧ ਰਾਮ ਦੇ ਵਿਸ਼ੇਸ਼ ਤੌਰ ਤੇ ਆਉਣ ਲਈ ਸ਼ੁਕਰੀਆ ਅਦਾ ਕੀਤਾ ਤੇ ਉਨਾਂ ਨੂੰ ਆਪਣੀਆਂ ਪੁਸਤਕਾਂ ਮਨ ਦੇ ਬੂਹੇ ਬਾਰੀਆਂ, ਗੁਲਨਾਰ, ਜਲਕਣ ਤੇ ਕੁਝ ਹੋਰ ਪੁਸਤਕਾਂ ਦਾ ਸੈੱਟ ਭੇਟ ਕੀਤਾ।