ਖੇਤਰੀ ਪ੍ਰਤੀਨਿਧ
ਲੁਧਿਆਣਾ, 13 ਜੁਲਾਈ
ਚਿੰਤਨਸ਼ੀਲ ਸਾਹਿਤਧਾਰਾ ਅਤੇ ਸਿਰਜਣਧਾਰਾ ਵੱਲੋਂ ਸਰਬਜੀਤ ਸਿੰਘ ਵਿਰਦੀ ਦੀ ਯਾਦ ਵਿੱਚ ਪਹਿਲਾ ਸਾਲਾਨਾ ਸਮਾਗਮ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਭਵਨ ਵਿੱਚਕਰਵਾਇਆ। ਇਹ ਪ੍ਰੋਗਰਾਮ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਵੱਲੋਂ ਮਿਲੇ ਵੱਡੇ ਹੁੰਗਾਰੇ ਨਾਲ ਨੇਪਰੇ ਚਾੜ੍ਹਿਆ ਗਿਆ।
ਵਿਰਦੀ ਪਰਿਵਾਰ ਨੂੰ ਸਨੇਹ ਅਤੇ ਮਾਣ ਸਤਿਕਾਰ ਦੇਣ ਹਿੱਤ ਉਲੀਕੇ ਗਏ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਉੱਘੇ ਉਸਤਾਦ ਗਾਇਕ ਜਨਾਬ ਮੁਹੰਮਦ ਸਦੀਕ ਅਤੇ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਸਵਰਨਜੀਤ ਸਵੀ ਸਨ। ਪ੍ਰਧਾਨਗੀ ਮੰਡਲ ਵਿੱਚ ਪ੍ਰੋ ਰਵਿੰਦਰ ਸਿੰਘ ਭੱਠਲ, ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਗੁਰਇਕਬਾਲ ਸਿੰਘ, ਸ਼੍ਰੋਮਣੀ ਲੋਕ ਗਾਇਕ ਪਾਲੀ ਦੇਤਵਾਲੀਆ, ਅਮਰਜੀਤ ਸਿੰਘ ਟਿੱਕਾ ਅਤੇ ਗੁਰਸੇਵਕ ਸਿੰਘ ਢਿੱਲੋੰ ਸ਼ਾਮਿਲ ਸਨ। ਮੁੱਖ ਬੁਲਾਰਿਆਂ ਵਿੱਚ ਜਨਮੇਜਾ ਜੌਹਲ, ਡਾ. ਨਿਰਮਲ ਜੌੜਾ, ਡਾ ਫ਼ਕੀਰ ਚੰਦ ਸ਼ੁਕਲਾ, ਡਾ. ਹਰੀ ਸਿੰਘ ਜਾਚਕ, ਅਮਰੀਕ ਸਿੰਘ ਤਲਵੰਡੀ, ਪ੍ਰਭਕਿਰਨ ਸਿੰਘ ਤੁਫ਼ਾਨ, ਰਿਟਾਇਰ ਡੀ ਪੀ ਆਰ ਓ ਗਿਆਨ ਸਿੰਘ ਸ਼ਾਮਿਲ ਸਨ। ਸਾਰਿਆਂ ਨੇ ਸਰਬਜੀਤ ਵਿਰਦੀ ਦੇ ਨਿੱਘੇ ਸੁਭਾਅ, ਸਿਰੜੀ ਬਿਰਤੀ ਨਾਲ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤੇ ਉਪਰਾਲਿਆਂ ਦੀ ਸਾਂਝੇ ਤੌਰ ਤੇ ਸ਼ਲਾਘਾ ਕੀਤੀ।
ਚਿੰਤਨਸ਼ੀਲ ਸਾਹਿਤਧਾਰਾ ਦੇ ਡਾਇਰੈਕਟਰ ਮਨਦੀਪ ਕੌਰ ਭੰਮਰਾ, ਸਿਰਜਣਧਾਰਾ ਦੇ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ ਅਤੇ ਉੱਘੇ ਗਾਇਕ ਅਤੇ ਗੀਤਕਾਰ ਅਮਰਜੀਤ ਸ਼ੇਰਪੁਰੀ ਨੇ ਦੱਸਿਆ ਕਿ ਵਿਰਦੀ ਨੇ ਸਭ ਤੋਂ ਪਹਿਲਾਂ ‘ਗੀਤਾਂ ਭਰੀ ਚੰਗੇਰ’, ‘ਗੀਤਾਂ ਦਾ ਕਾਫ਼ਲਾ’, ਭਰੂਣ ਹੱਤਿਆਂ ਤੇ ਕਿਤਾਬ ‘ਨਾ ਮਾਰੋ ਅਣਜੰਮੀਆ’, ‘ਜ਼ਹਿਰ ਭਰੇ ਦਰਿਆ’, ਦੇਵ ਥਰੀਕਿਆਂ ਵਾਲੇੇ ਦੇ ਸ਼ਗਿਰਦਾਂ ਦੇ ਗੀਤਾਂ ਦੀ ਕਿਤਾਬ ‘ਇੱਕ ਅੰਬਰ ਦੇ ਤਾਰੇ’ (ਸਾਰੇ ਗੀਤ ਸੰਗ੍ਰਹਿ) ਛਪਵਾ ਕੇ ਨਵੇਂ ਗੀਤਕਾਰਾਂ ਦੇ ਉਤਸ਼ਾਹ ਵਿੱਚ ਚੋਖਾ ਵਾਧਾ ਕੀਤਾ ਅਤੇ ਉਹਨਾਂ ਦੀ ਸਾਹਿਤਕ ਅਤੇ ਗੀਤਕਾਰੀ ਦੇ ਖੇਤਰ ਵਿੱਚ ਗਹਿਰੀ ਪਛਾਣ ਬਣਾਈ। ਧਾਰਮਿਕ ਗੀਤਾਂ ਦੀ ਕਿਤਾਬ ‘ਛੇੜ ਮਰਦਾਨਿਆਂ ਰਬਾਬ’ ਜੋ ਅਜੇ ਛਪਾਈ ਅਧੀਨ ਹੈ।
ਇਸ ਮੌਕੇ ਮੁੱਖ ਮਹਿਮਾਨ ਮੁਹੰਮਦ ਸਦੀਕ ਨੇ ਵਿਰਦੀ ਵੱਲੋਂ ਕੀਤੇ ਗਏ ਸਾਹਿਤਕ ਖੇਤਰ ਦੇ ਕੰਮਾਂ ਦੀ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਵਿਰਦੀ ਵਰਗੇ ਕਲਮਕਾਰ ਅਤੇ ਨੇਕ ਇਨਸਾਨ ਦੀ ਅੱਜ ਦੇ ਸਮੇਂ ਵਿੱਚ ਬਹੁਤ ਲੋੜ ਸੀ। ਉਹਨਾਂ ਅੱਜ ਦੇ ਸਮਾਗਮ ਲਈ ਮਨਦੀਪ ਕੌਰ ਭੰਮਰਾ, ਡਾ. ਗੁਰਚਰਨ ਕੌਰ ਕੋਚਰ ਅਤੇ ਅਮਰਜੀਤ ਸ਼ੇਰਪੁਰੀ ਨੂੰ ਜਿੱਥੇ ਮੁਬਾਰਕਬਾਦ ਦਿੱਤੀ ਗਈ ਉੱਥੇ ਵਿਰਦੀ ਪ੍ਰੀਵਾਰ ਦੇ ਦੁੱਖ ਸੁੱਖ ਵਿੱਚ ਨਾਲ ਖੜ੍ਹਨ ਦਾ ਵੀ ਭਰੋਸਾ ਦਿਵਾਇਆ। ਇਸ ਸਮੇਂ ਵਿਰਦੀ ਦੀ ਪਤਨੀ ਗੁਰਜੀਤ ਕੌਰ ਵਿਰਦੀ, ਪੁੱਤਰ ਤਜਿੰਦਰ ਸਿੰਘ, ਜਸ਼ਨਪਾਲ ਸਿੰਘ ਅਤੇ ਪੁੱਤਰੀ ਹਰਸਿਮਰਨ ਕੌਰ ਤੇ ਹੋਰ ਹਾਜ਼ਰ ਸਨ।
ਉਪਰੰਤ ਵਿਰਦੀ ਦੀ ਯਾਦ ਵਿੱਚ ਕਵੀ ਦਰਬਾਰ ਵੀ ਹੋਇਆ ਜਿਸ ਵਿੱਚ ਹਾਜ਼ਰ ਸ਼ਾਇਰਾਂ ਨੇ ਆਪਣੀਆਂ ਨਵੀਆਂ ਰਚਨਾਵਾਂ ਨਾਲ ਭਰਪੂਰ ਹਾਜ਼ਰੀ ਲਗਵਾਈ। ਲੱਗਭਗ ਸਾਰੀਆਂ ਰਚਨਾਵਾਂ ਵਿਰਦੀ ਨੂੰ ਹੀ ਸਮਰਪਿਤ ਸਨ। ਮੰਚ ਸੰਚਾਲਨ ਦੀ ਕਾਰਵਾਈ ਕਨਵੀਨਰ ਤੇ ਸਕੱਤਰ ਅਮਰਜੀਤ ਸ਼ੇਰਪੁਰੀ ਨੇ ਨਿਭਾਈ।