ਅਗੇਤੀ ਮੌਨਸੂਨ ਨੇ ਮੱਕੀ ਤੇ ਮੂੰਗੀ ਉਤਪਾਦਕਾਂ ਦੀਆਂ ਮੁਸ਼ਕਲਾਂ ਵਧਾਈਆਂ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 23 ਜੂਨ
ਪੰਜਾਬ ਦੀ ਤੀਜੀ ਪ੍ਰਮੁੱਖ ਫਸਲ ਬਣੀ ਮੱਕੀ ਤੇ ਮੂੰਗੀ ਆਲੂਆਂ ਵਾਂਗ ਰੁਲ ਰਹੀ ਹੈ। ਮੰਡੀ ਵਿੱਚ ਜਾਇਜ਼ਾ ਲੈਣ ਪੁੱਜੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ ਨੇ ਕਿਹਾ ਕਿ ਅਗੇਤੀ ਆਈ ਮੌਨਸੂਨ ਨੇ ਭਾਵੇਂ ਗਰਮੀ ਤੋਂ ਰਾਹਤ ਦਿੱਤੀ ਹੈ ਪਰ ਮੱਕੀ ਦੀ ਬੋਲੀ ਨਾ ਲੱਗਣ ਕਰਕੇ ਮੰਡੀਆਂ ਮੱਕੀ ਨਾਲ ਭਰ ਚੁੱਕੀਆਂ ਹਨ, ਜਿਸ ਦਾ ਫਾਇਦਾ ਚੁੱਕਦਿਆਂ ਵਪਾਰੀਆਂ ਵੱਲੋਂ ਘੱਟੋ-ਘੱਟ ਭਾਅ ਤੋਂ ਪੰਜ ਸੌ ਤੋਂ ਲੈ ਕੇ ਇਕ ਹਜ਼ਾਰ ਰੁਪਏ ਘੱਟ ਭਾਅ ’ਤੇ ਕਿਸਾਨਾਂ ਦੀ ਮੱਕੀ ਖਰੀਦੀ ਜਾ ਰਹੀ ਹੈ। ਇਹੋ ਹਾਲ ਮੂੰਗੀ ਦਾ ਹੈ। ਕਿਸਾਨਾਂ ਨੂੰ ਇਨ੍ਹਾਂ ਦੋਵਾਂ ਫ਼ਸਲਾਂ ਵਿੱਚ ਭਾਰੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੱਕੀ ਨੂੰ ਸੁਕਾਉਣ ਲਈ ਵੱਡੇ ਫੜ੍ਹਾਂ ਦੀ ਲੋੜ ਹੁੰਦੀ ਹੈ ਪਰ ਕਿਸਾਨਾਂ ਕੋਲ ਆਪਣੇ ਘਰਾਂ ਵਿੱਚ ਮੱਕੀ ਸੁਕਾਉਣ ਲਈ ਜਗ੍ਹਾ ਨਾ ਹੋਣ ਕਾਰਨ ਮੰਡੀਆਂ ਵਿੱਚ ਹੀ ਰੱਖਣੀ ਪੈ ਰਹੀ ਹੈ ਪਰ ਬਰਸਾਤ ਕਾਰਨ ਨਮੀ ਦੇ ਬਹਾਨੇ ਵਪਾਰੀ ਘੱਟ ਭਾਅ ’ਤੇ ਮੱਕੀ ਖਰੀਦ ਰਹੇ ਹਨ।
ਸਿੱਧਵਾਂ ਬੇਟ ਮੰਡੀ ਵਿੱਚ ਪੁੱਜੇ ਮੱਕੀ ਉਤਪਾਦਕ ਕਿਸਾਨ ਮਨਪ੍ਰੀਤ ਸਿੰਘ ਸਵੱਦੀ ਕਲਾਂ ਨੇ ਦੱਸਿਆ ਕਿ ਅੱਜ ਦੇ ਮੀਂਹ ਕਾਰਨ ਤਿੰਨ ਦਿਨ ਤੱਕ ਕੰਬਾਈਨਾਂ ਕਟਾਈ ਨਹੀਂ ਕਰ ਸਕਣਗੀਆਂ। ਮੰਡੀਆਂ ਵਿੱਚ ਪਈ ਮੱਕੀ ਦੀ ਫ਼ਸਲ ਗਿੱਲੀ ਹੋਣ ਕਾਰਨ ਵਿਕੇਗੀ ਨਹੀਂ ਜਿਸ ਕਾਰਨ ਪਹਿਲਾਂ ਤੋਂ ਹੀ ਭਰ ਚੁੱਕੀਆਂ ਮੰਡੀਆਂ ਵਿੱਚ ਮੱਕੀ ਸਕਾਉਣ ਲਈ ਜਗ੍ਹਾ ਨਹੀਂ ਰਹੇਗੀ। ਉਨ੍ਹਾਂ ਕਿਹਾ ਕਿ ਵਪਾਰੀ ਇਸ ਬਹਾਨੇ ਕਿਸਾਨਾਂ ਨੂੰ ਲੁੱਟਣ ਦਾ ਭਰਪੂਰ ਲਾਭ ਉਠਾਉਣਗੇ। ਕਿਸਾਨ ਆਗੂ ਬਲਰਾਜ ਸਿੰਘ ਕੋਟਉਮਰਾ ਅਤੇ ਹਰਨੇਕ ਸਿੰਘ ਗੁੱਜਰਵਾਲ ਨੇ ਕਿਹਾ ਕਿ ਝੋਨਾ ਉਤਪਾਦਕ ਕਿਸਾਨਾਂ ਨੇ ਪੁੱਛਣ ’ਤੇ ਦੱਸਿਆ ਕਿ ਅਗੇਤਾ ਝੋਨਾ ਲਾਉਣ ਦੇ ਸਰਕਾਰ ਵੱਲੋਂ ਲਏ ਗਏ ਫ਼ੈਸਲੇ ਨੇ ਪੰਜਾਬ ਦੇ ਪਾਣੀਆਂ ਦਾ ਵੱਡਾ ਨੁਕਸਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀ ਮੱਕੀ ਅਤੇ ਮੂੰਗੀ ਦੀ ਫ਼ਸਲ ਨੂੰ ਲੁੱਟਣ ਤੋਂ ਬਚਾਉਣ ਲਈ ਮੱਕੀ ਤੇ ਮੂੰਗੀ ਉਤਪਾਦਕ ਕਿਸਾਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਇਨ੍ਹਾਂ ਫਸਲਾਂ ਦੀ ਐੱਮਐੱਸਪੀ ’ਤੇ ਖਰੀਦ ਯਕੀਨੀ ਬਣਾਈ ਜਾਵੇ। ਉਨ੍ਹਾਂ ਵਿਧਾਇਕਾਂ ਤੇ ਮੰਤਰੀਆਂ ਨੂੰ ਹੁਣ ਮੰਡੀਆਂ ਵਿੱਚ ਜਾਇਜ਼ਾ ਲੈਣ ਦੀ ਸਲਾਹ ਦਿੱਤੀ ਤਾਂ ਜੋ ਕਿਸਾਨਾਂ ਨੂੰ ਫਾਇਦਾ ਪਹੁੰਚ ਸਕੇ।