ਹਰਿਆਣਾ ਦੀ ਤਰਜ਼ ’ਤੇ ਪੱਤਰਕਾਰਾਂ ਨੂੰ ਸਹੂਲਤਾਂ ਦੇਣ ਦੀ ਮੰਗ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 8 ਮਾਰਚ
ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਅੱਜ ਇਥੇ ਹੋਈ ਇਕੱਤਰਤਾ ਵਿੱਚ ਪੰਜਾਬ ਦੇ ਫੀਲਡ ਪੱਤਰਕਾਰਾਂ ਨੂੰ ਹਰਿਆਣਾ ਵਾਂਗ ਸਹੂਲਤਾਂ ਦੇਣ ਦੀ ਮੰਗ ਕੀਤੀ ਗਈ। ਇਕ ਮਤੇ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੱਤਰਕਾਰ ਯੂਨੀਅਨ ਨੂੰ ਮਿਲਣ ਲਈ ਸਮਾਂ ਨਾ ਦੇਣ ਦੀ ਵੀ ਨਿਖੇਧੀ ਕੀਤੀ। ਯੂਨੀਅਨ ਦੇ ਮਾਲਵਾ ਜ਼ੋਨ ਦੇ ਇੰਚਾਰਜ ਤੇ ਜਥੇਬੰਦਕ ਸਕੱਤਰ ਸੰਤੋਖ ਗਿੱਲ ਨੇ ਕਿਹਾ ਕਿ ਪੱਤਰਕਾਰਾਂ ਦੀਆਂ ਕਈ ਮੰਗਾਂ ਲੰਮੇ ਸਮੇਂ ਤੋਂ ਲਮਕਦੀਆਂ ਆ ਰਹੀਆਂ ਹਨ ਪਰ ਸਕਰਾਰ ਇਨ੍ਹਾਂ ਨੂੰ ਸੁਣਨ ਲਈ ਹੀ ਤਿਆਰ ਨਹੀਂ। ਇਸ ਸਮੇਂ ਯੂਨੀਅਨ ਦੀ ਜਗਰਾਉਂ ਇਕਾਈ ਦੇ ਗਠਨ ਲਈ ਵਿਸ਼ਾਲ ਸਿਡਾਣਾ ਦੀ ਅਗਵਾਈ ਹੇਠ ਇਕ ਸੱਤ ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਤੇ ਡੈਸਕ ਸਟਾਫ਼ ਨੂੰ ਪੈਨਸ਼ਨ ਸਹੂਲਤ, ਮਾਨਤਾ ਪ੍ਰਾਪਤ ਪੱਤਰਕਾਰਾਂ ਤੇ ਡੈਸਕ ਸਟਾਫ਼ ਨੂੰ ਮੁਫ਼ਤ ਬੱਸ ਸਫਰ ਦੀ ਸਹੂਲਤ, ਪੱਤਰਕਾਰਾਂ ਲਈ ਸਹਾਇਤਾ ਫੰਡ ਕਾਇਮ ਕਰਨ ਤੇ ਬੀਮਾ ਯੋਜਨਾ ਸਾਰੇ ਪੱਤਰਕਾਰਾਂ ’ਤੇ ਲਾਗੂ ਕਰਨ ਦੀ ਮੰਗ ਕੀਤੀ ਗਈ। ਸੱਤ ਮੈਂਬਰੀ ਕਮੇਟੀ ਵਿੱਚ ਵਿਸ਼ਾਲ ਸਿਡਾਣਾ ਨਾਲ ਹਰਵਿੰਦਰ ਸਿੰਘ ਖਾਲਸਾ, ਗੁਰਦੀਪ ਸਿੰਘ ਮਲਕ, ਸੰਜੀਵ ਮਲਹੋਤਰਾ ਕਾਲਾ, ਵਿਸ਼ਾਲ ਅਤਰੇ, ਜਸਬੀਰ ਸਿੰਘ, ਚਰਨਜੀਤ ਸਿੰਘ ਸਰਨਾ ਨੂੰ ਸ਼ਾਮਲ ਕੀਤਾ ਗਿਆ।