ਗੁਰੂ ਤੇਗ ਬਹਾਦਰ ਦਾ ਸ਼ਹੀਦੀ ਦਿਵਸ ਸਾਂਝੇ ਤੌਰ ’ਤੇ ਮਨਾਉਣ ਦਾ ਫ਼ੈਸਲਾ
ਯੂਨਾਈਟਡ ਸਿੱਖਜ਼ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਗੁਰਦੁਆਰਿਆਂ ਦੇ ਮੁੱਖ ਸੇਵਾਦਾਰਾਂ ਤੇ ਸਿੱਖ ਜੱਥੇਬੰਦੀਆਂ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ, ਸਿੱਖ ਕੌਮ ਦੇ ਮਹਾਨ ਸ਼ਹੀਦਾਂ ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਦੇ 350 ਸਾਲਾ ਸ਼ਹੀਦੀ ਨੂੰ ਸਾਂਝੇ ਤੌਰ ’ਤੇ ਬੜੀ ਸ਼ਰਧਾ ਭਾਵਨਾ ਨਾਲ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਗੁਰਦੁਆਰਾ ਗੁਰੂ ਸਿੰਘ ਸਭਾ ਸਰਾਭਾ ਨਗਰ ਵਿੱਚ ਪ੍ਰਮੁੱਖ ਆਗੂਆਂ ਦੀ ਮੀਟਿੰਗ ਦੌਰਾਨ ਅੰਮ੍ਰਿਤਪਾਲ ਸਿੰਘ ਡਾਇਰੈਕਟਰ ਯੂਨਾਈਟਡ ਸਿੱਖਜ਼ ਪੰਜਾਬ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਮਨਾਉਣ ਦਾ ਤਾਂ ਹੀ ਲਾਭ ਹੋ ਸਕਦਾ ਹੈ ਜੇਕਰ ਉਨ੍ਹਾਂ ਦੀ ਬਾਣੀ ਤੇ ਫਲਸਫ਼ੇ ਨੂੰ ਸਮਾਜ ਦੇ ਵੱਧ ਤੋਂ ਵੱਧ ਲੋਕਾਂ ਤੱਕ ਵੱਡੇ ਪੱਧਰ ’ਤੇ ਸਾਂਝੇ ਤੌਰ ’ਤੇ ਯਤਨ ਕਰਕੇ ਪਹੁੰਚਾਇਆ ਜਾਵੇ।
ਇਸ ਮੌਕੇ ਵੱਖ ਵੱਖ ਗੁਰਦੁਆਰਿਆਂ ਦੇ ਮੁੱਖ ਸੇਵਾਦਾਰਾਂ ਤੇ ਪ੍ਰਮੁੱਖ ਸਿੱਖ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ 350 ਸਾਲਾ ਸ਼ਤਾਬਦੀ ਦੌਰਾਨ ਗੁਰੂ ਸਾਹਿਬ ਦੀ ਬਾਣੀ, ਸਿੱਖਿਆਵਾਂ ਤੇ ਸ਼ਹੀਦੀ ਦੇ ਸਕੰਲਪ ਨੂੰ ਸੁਚੱਜੇ ਢੰਗ ਨਾਲ ਉਭਾਰਨ ਲਈ ਗੁਰਦਵਾਰਿਆਂ, ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਅੰਦਰ ਵਿਸੇਸ਼ ਵਿਚਾਰ ਗੋਸ਼ਟੀਆਂ ਤੇ ਸੈਮੀਨਾਰਾਂ ਕਰਾਉਣ ਦਾ ਸੁਝਾਅ ਦਿੱਤਾ।