ਜ਼ਿਮਨੀ ਚੋਣ ’ਚ ਹਾਰ ਮਗਰੋਂ ਕਾਂਗਰਸ ਦੀ ਲੜਾਈ ਸੜਕਾਂ ’ਤੇ ਆਈ
ਬੈਂਸ ਨੇ ਕਿਹਾ ਸੀ ਕਿ ਕਾਂਗਰਸ ਨੂੰ ਕਮਜ਼ੋਰ ਕਰ ਰਹੇ ਨੇ ਆਸ਼ੂ
ਗਗਨਦੀਪ ਅਰੋੜਾ
ਲੁਧਿਆਣਾ, 25 ਜੂਨ
ਲੁਧਿਆਣਾ ਹਲਕਾ ਪੱਛਮੀ ਦੀ ਜ਼ਿਮਨੀ ਵਿੱਚ ਹਾਰ ਤੋਂ ਬਾਅਦ ਕਾਂਗਰਸ ਵਿੱਚ ਅੰਦਰੂਨੀ ਲੜਾਈ ਹੋਰ ਭਖ਼ ਗਈ ਹੈ। ਇਹ ਲੜਾਈ ਹੁਣ ਪਾਰਟੀ ਪਲੈਟਫਾਰਮ ਤੋਂ ਨਿਕਲ ਕੇ ਸੜਕਾਂ ’ਤੇ ਆ ਗਈ ਹੈ। ਕਾਂਗਰਸੀ ਆਗੂਆਂ ਨੇ ਇੱਕ ਦੂਜੇ ਵਿਰੁੱਧ ਖੁੱਲ੍ਹ ਕੇ ਬਿਆਨਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ। ਲੋਕ ਇਨਸਾਫ਼ ਪਾਰਟੀ ਨੂੰ ਖਤਮ ਕਰਕੇ ਕਾਂਗਰਸ ਵਿੱਚ ਸ਼ਾਮਲ ਹੋਏ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਇੱਕ ਦੂਜੇ ਖ਼ਿਲਾਫ਼ ਬਿਆਨ ਦੇ ਰਹੇ ਹਨ। ਆਸ਼ੂ ਕਹਿ ਰਹੇ ਹਨ ਕਿ ਉਹ ਹਾਲੇ ਬੈਂਸ ਨੂੰ ਕਾਂਗਰਸੀ ਮੰਨਦੇ ਹੀ ਨਹੀਂ, ਰਾਜਾ ਵੜਿੰਗ ਨੇ ਆਪਣੇ ਲਾਲਚ ਦੇ ਚੱਕਰ ਵਿੱਚ ਬੈਂਸ ਨੂੰ ਕਾਂਗਰਸ ਵਿੱਚ ਸ਼ਾਮਲ ਕਰਵਾਇਆ ਸੀ। ਲੁਧਿਆਣਾ ਵਿੱਚ ਵੜਿੰਗ ਤੇ ਆਸ਼ੂ ਦੇ ਵੱਖਰੇ ਧੜਿਆਂ ਦੇ ਆਗੂ ਸੋਸ਼ਲ ਮੀਡੀਆ ’ਤੇ ਇੱਕ ਦੂਜੇ ਖ਼ਿਲਾਫ਼ ਭੜਾਸ ਕੱਢ ਰਹੇ ਹਨ।
ਹਲਕਾ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਉਪ ਮੁੱਖ ਮੰਤਰੀ ਅਤੇ ਗੁਰਦਾਸਪੁਰ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਦੂਰੀ ਬਣਾਈ ਰੱਖੀ ਸੀ। ਨਾਮਜ਼ਦਗੀ ਤੋਂ ਬਾਅਦ ਰਾਜਾ ਵੜਿੰਗ ਪੂਰੀ ਚੋਣ ਮੁਹਿੰਮ ਵਿੱਚ ਦਿਖਾਈ ਨਹੀਂ ਦਿੱਤੇ। ਉਹ ਲੁਧਿਆਣਾ ਆਏ ਪਰ ਆਪਣੀ ਪੱਤਰਕਾਰ ਮਿਲਣੀ ਕੀਤੀ ਅਤੇ ਆਸ਼ੂ ਦੇ ਹੱਕ ਵਿੱਚ ਪ੍ਰਚਾਰ ਕਰਨ ਵੀ ਨਹੀਂ ਗਏ। ਜਿਸਦਾ ਫਾਇਦਾ ਸੱਤਾਧਾਰੀ ਪਾਰਟੀ ‘ਆਪ’ ਨੇ ਕਾਂਗਰਸ ਦੀ ਇਸ ਧੜੇਬੰਦੀ ਦਾ ਪੂਰਾ ਫਾਇਦਾ ਚੁੱਕਿਆ ਅਤੇ ਚੋਣ ਜਿੱਤਣ ਵਿੱਚ ਕਾਮਯਾਬ ਰਹੀ। ਆਸ਼ੂ ਦੀ ਹਾਰ ਤੋਂ ਬਾਅਦ ਪਹਿਲੇ ਦਿਨ ਤੋਂ ਹੀ ਕਾਂਗਰਸ ਵਿੱਚ ਬਿਆਨਬਾਜ਼ੀ ਚੱਲ ਰਹੀ ਹੈ। ਤਿੰਨਾਂ ਆਗੂਆਂ ਵਿਰੁੱਧ ਮੋਰਚਾ ਖੋਲ੍ਹਦਿਆਂ ਆਸ਼ੂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਉਨ੍ਹਾਂ ਦੇ ਘਰ ਕੋਈ ਵਿਆਹ ਸਮਾਗਮ ਸੀ ਜਿਸ ਦਾ ਉਹ ਸੱਦਾ ਭੇਜਦੇ, ਇਹ ਪਾਰਟੀ ਦੀ ਚੋਣ ਹੈ, ਹਰ ਪਾਰਟੀ ਆਗੂ ਨੂੰ ਆਉਣਾ ਚਾਹੀਦਾ ਸੀ।
ਬੈਂਸ ਨੂੰ ਕਾਂਗਰਸ ਨਹੀਂ ਕਰਦੀ ਸਵੀਕਾਰ: ਆਸ਼ੂ
ਆਸ਼ੂ ਦੇ ਚੋਣ ਹਾਰਨ ਤੋਂ ਬਾਅਦ, ਸਿਮਰਜੀਤ ਸਿੰਘ ਬੈਂਸ ਨੇ ਕਿਹਾ ਸੀ ਕਿ ਆਸ਼ੂ ਵਿੱਚ ਹਾਲੇ ਵੀ ਹੰਕਾਰ ਹੈ। ਜਿਸ ਤੋਂ ਬਾਅਦ ਆਸ਼ੂ ਨੇ ਕਿਹਾ ਕਿ ਸਾਰੀ ਦੁਨੀਆ ਕਹਿੰਦੀ ਹੈ ਕਿ ਉਹ ਹੰਕਾਰੀ ਹੈ। ਭਾਵੇਂ ਬੈਂਸ ਅਜਿਹਾ ਕਹਿੰਦਾ ਹੈ, ਇਸ ਨਾਲ ਕੋਈ ਫ਼ਰਕ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਉਹ ਨਾ ਤਾਂ ਰਾਜਾ ਵੜਿੰਗ ਨਾਲ ਨਾਰਾਜ਼ ਹਨ ਅਤੇ ਨਾ ਹੀ ਬੈਂਸ ਨਾਲ। ਉਹ ਬੈਂਸ ਨੂੰ ਹਾਲੇ ਕਾਂਗਰਸੀ ਵੀ ਨਹੀਂ ਮੰਨਦੇ। ਬੈਂਸ ਨੇ ਅਜਿਹਾ ਕੁਝ ਨਹੀਂ ਕੀਤਾ ਹੈ ਜਿਸ ਨਾਲ ਉਨ੍ਹਾਂ ਨੂੰ ਕਾਂਗਰਸੀ ਕਿਹਾ ਜਾਵੇ। ਜਦੋਂ ਬੈਂਸ ਨੇ ਕਿਹਾ ਕਿ ਆਸ਼ੂ ਉਨ੍ਹਾਂ ਨੂੰ ਘਰ ਨਹੀਂ ਮਿਲੇ, ਤਾਂ ਆਸ਼ੂ ਨੇ ਕਿਹਾ ਕਿ ਉਨ੍ਹਾਂ ਨੇ ਬੈਂਸ ਨੂੰ ਘਰ ਨਹੀਂ ਬੁਲਾਇਆ। ਜੇਕਰ ਉਹ ਇੰਨੇ ਦੁਖੀ ਸਨ ਤਾਂ ਉਨ੍ਹਾਂ ਨੇ ਉਨ੍ਹਾਂ ਦੀ ਨਾਮਜ਼ਦਗੀ ਵਿੱਚ ਉਨ੍ਹਾਂ ਨਾਲ ਕਿਉਂ ਸ਼ਾਮਲ ਹੋਏ। ਉਨ੍ਹਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਦੇ ਸਮੇਂ ਵੀ ਬੈਂਸ ਨੂੰ ਨਹੀਂ ਬੁਲਾਇਆ। ਜੇਕਰ ਬੈਂਸ ਸੱਚਾ ਕਾਂਗਰਸੀ ਹੁੰਦਾ ਤਾਂ ਉਹ ਨਾਮਜ਼ਦਗੀ ਤੋਂ ਬਾਅਦ ਵੀ ਪ੍ਰਚਾਰ ਲਈ ਆਉਂਦਾ। ਆਸ਼ੂ ਨੇ ਸਿੱਧੇ ਤੌਰ ’ਤੇ ਕਿਹਾ ਕਿ ਬੈਂਸ ਕਾਂਗਰਸ ਨੂੰ ਨੁਕਸਾਨ ਪਹੁੰਚਾ ਰਹੇ ਹਨ। ਕਾਂਗਰਸ ਨੂੰ ਬਣਾਉਣ ਵਾਲੇ ਬੈਂਸ ਨੇ ਹਾਲੇ ਤੱਕ ਕੋਈ ਕੰਮ ਨਹੀਂ ਕੀਤਾ ਹੈ। ਦੂਜਿਆਂ ਨੂੰ ਕੁਝ ਕਹਿਣ ਤੋਂ ਪਹਿਲਾਂ, ਬੈਂਸ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ।
ਕੜਵਾਲ ਨੇ ਵੀ ਬੈਂਸ ਵਿਰੁੱਧ ਖੋਲ੍ਹਿਆ ਮੋਰਚਾ
ਕਮਲਜੀਤ ਸਿੰਘ ਕੜਵਲ ਜੋ ਬੈਂਸ ਭਰਾਵਾਂ ਦੇ ਸਭ ਤੋਂ ਨੇੜਲੇ ਸਾਥੀਆਂ ਵਿੱਚੋਂ ਇੱਕ ਅਤੇ ਚੰਗੇ ਦੋਸਤ ਸਨ। ਉਹ ਹੁਣ ਲੰਬੇ ਸਮੇਂ ਤੋਂ ਬੈਂਸ ਦੇ ਕੱਟੜ ਵਿਰੋਧੀ ਮੰਨੇ ਜਾਂਦੇ ਹਨ। ਉਪ ਚੋਣ ਦੌਰਾਨ ਕਾਂਗਰਸ ਵਿੱਚ ਮੁੜ ਸ਼ਾਮਲ ਹੋਣ ਤੋਂ ਬਾਅਦ, ਕਮਲਜੀਤ ਸਿੰਘ ਕੜਵਲ ਨੇ ਹੁਣ ਇੱਕ ਵਾਰ ਫਿਰ ਬੈਂਸ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਬੈਂਸ ਜਾਣਬੁੱਝ ਕੇ ਲੁਧਿਆਣਾ ਵਿੱਚ ਕਾਂਗਰਸੀ ਆਗੂ ਆਸ਼ੂ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ, ਤਾਂ ਜੋ ਉਹ ਖੁਦ ਸ਼ਹਿਰ ਦੀ ਰਾਜਨੀਤੀ ’ਤੇ ਪੂਰਾ ਕੰਟਰੋਲ ਹਾਸਲ ਕਰ ਸਕਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਵੇਂ ਬੈਂਸ ਨੂੰ ਇਸ ਸਮੇਂ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨੇੜੇ ਦੇਖਿਆ ਜਾਂਦਾ ਹੈ, ਪਰ ਵੜਿੰਗ ਨੂੰ ਉਨ੍ਹਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।
ਕਮਲਜੀਤ ਸਿੰਘ ਕੜਵਲ ਸਿਰਮਜੀਤ ਸਿੰਘ ਬੈਂਸ