ਕਾਮਰੇਡ ਰਾਜੂ ਵੱਲੋਂ ਭੁੱਖ ਹੜਤਾਲ ’ਤੇ ਬੈਠਣ ਦਾ ਐਲਾਨ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 1 ਜੁਲਾਈ
ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਤੇ ਕਾਂਗਰਸੀ ਕੌਂਸਲਰ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ ਨੇ ਸ਼ਹਿਰ ਦੀ ਇਸ ਵੇਲੇ ਦੀ ਸਭ ਤੋਂ ਵੱਡੀ ਕੂੜੇ ਦੇ ਢੇਰਾਂ ਦੀ ਸਮੱਸਿਆ ਦੇ ਹੱਲ ਲਈ ਭੁੱਖ ਹੜਤਾਲ ’ਤੇ ਬੈਠਣ ਦਾ ਐਲਾਨ ਕੀਤਾ ਹੈ। ਇਥੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਹ ਆਪਣੇ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਤੇ ਸਾਥੀ ਕੌਂਸਲਰਾਂ ਮਿਲ ਕੇ ਲਗਾਤਾਰ ਸ਼ਹਿਰ ਦੇ ਵਿਕਾਸ ਲਈ ਤਤਪਰ ਹਨ ਪਰ ਉਨ੍ਹਾਂ ਦੇ ਯਤਨਾਂ ਨੂੰ ਹਾਕਮ ਧਿਰ ਨੇ ਬੂਰ ਨਹੀਂ ਪੈਣ ਦਿੱਤਾ। ਉਨ੍ਹਾਂ ਸਿੱਧਾ ਹਲਕਾ ਵਿਧਾਇਕਾ ਸਵਰਜੀਤ ਕੌਰ ਮਾਣੂੰਕੇ ’ਤੇ ਵਿਕਾਸ ਕਾਰਜਾਂ ਵਿੱਚ ਅੜਿੱਕੇ ਖੜ੍ਹੇ ਕਰਨ ਦੇ ਦੋਸ਼ ਲਾਏ। ਕਾਮਰੇਡ ਰਾਜੂ ਨੇ ਕਿਹਾ ਕਿ ਜਿੰਨੀ ਵਾਰ ਵੀ ਨਗਰ ਕੌਂਸਲ ਦੀ ਮੀਟਿੰਗ ਵਿੱਚ ਵੱਖ-ਵੱਖ ਵਾਰਡਾਂ ਦੇ ਵਿਕਾਸ ਕਾਰਜ ਪਾਸ ਕਰਨੇ ਚਾਹੇ ਤਾਂ ਕਿਸੇ ਨਾ ਕਿਸੇ ਬਹਾਨੇ ਰੋਕ ਲਵਾ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਕੁਝ ਸਾਲਾਂ ਵਿੱਚ ਜੋ ਵੀ ਵਿਕਾਸ ਕਾਰਜ ਰੁਕੇ ਉਸ ਲਈ ਬੀਬੀ ਮਾਣੂੰਕੇ ਜ਼ਿੰਮੇਵਾਰ ਹਨ। ਹੁਣ ਜੇ ਸਰਕਾਰ ਤੇ ਪ੍ਰਸ਼ਾਸਨ ਨੇ ਇਕ ਹਫ਼ਤੇ ਅੰਦਰ ਕੂੜਾ ਸੁੱਟਣ ਲਈ ਜ਼ਮੀਨ ਖਰੀਦ ਕੇ ਢੁੱਕਵਾਂ ਪ੍ਰਬੰਧ ਨਾ ਕੀਤਾ ਅਤੇ ਬਾਕੀ ਮਸਲੇ ਹੱਲ ਨਾ ਹੋਏ ਤਾਂ ਉਹ 7 ਜੁਲਾਈ ਨੂੰ ਭੁੱਖ ਹੜਤਾਲ ’ਤੇ ਬੈਠਣਗੇ। ਇਸੇ ਦੌਰਾਨ ਇਨਕਲਾਬੀ ਕੇਂਦਰ ਪੰਜਾਬ ਦੇ ਸਕੱਤਰ ਕੰਵਲਜੀਤ ਖੰਨਾ, ਨਗਰ ਸੁਧਾਰ ਸਭਾ ਦੇ ਪ੍ਰਧਾਨ ਅਵਤਾਰ ਸਿੰਘ, ਜੋਗਿੰਦਰ ਆਜ਼ਾਦ, ਬਲਰਾਜ ਸਿੰਘ ਕੋਟਉਮਰਾ, ਗੁਰਮੇਲ ਸਿੰਘ ਰੂਮੀ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਕਿਸੇ ਦੀ ਸਿਆਸਤ ਨਾਲ ਕੋਈ ਮਤਲਬ ਨਹੀਂ ਹੈ। ਸ਼ਹਿਰ ਦੇ ਲੋਕ ਥਾਂ-ਥਾਂ ਲੱਗੇ ਕੂੜੇ ਦੇ ਵਿਸ਼ਾਲ ਢੇਰਾਂ ਸਣੇ ਹੋਰ ਸਮੱਸਿਆਵਾਂ ਦਾ ਹੱਲ ਚਾਹੁੰਦੇ ਹਨ। ਉਨ੍ਹਾਂ ਇਸ ਮੁੱਦੇ ’ਤੇ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਸਣੇ ਸਾਰੇ 23 ਕੌਂਸਲਰਾਂ ਨੂੰ ਘੇਰ ਕੇ ਸਵਾਲ ਕਰਨ ਲਈ ਕਿਹਾ।
ਆਪਣੀ ਨਾਕਾਮੀ ਮੇਰੇ ਸਿਰ ਮੜ੍ਹ ਰਹੇ ਨੇ ਲੋਕ: ਮਾਣੂੰਕੇ
ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਇਹ ਲੋਕ ਆਪਣੀ ਨਾਕਾਮੀ ਉਨ੍ਹਾਂ ਦੇ ਸਿਰ ਦੋਸ਼ ਮੜ੍ਹ ਕੇ ਲੁਕਾ ਨਹੀਂ ਸਕਦੇ।