ਵਿਆਹੁਤਾ ਦੀ ਸ਼ਿਕਾਇਤ ’ਤੇ ਕੇਸ ਦਰਜ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 4 ਜੁਲਾਈ
ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੇ ਇੱਕ ਵਿਆਹੁਤਾ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਸੰਤ ਸੇਵਕ ਨਗਰ ਢੋਲੇਵਾਲ ਵਾਸੀ ਪ੍ਰੀਤੀ ਕਲਸੀ ਦੀ ਸ਼ਾਦੀ 14 ਨਵੰਬਰ 2024 ਨੂੰ ਅਮਨਦੀਪ ਸਿੰਘ ਬਾਂਸਲ ਨਾਲ ਹੋਈ ਸੀ ਜੋ ਕੁੱਝ ਸਮਾਂ
ਬਾਅਦ ਹੀ ਉਸ ਨੂੰ ਕਥਿਤ ਤੌਰ ’ਤੇ ਹੋਰ ਦਾਜ ਲਿਆਉਣ ਲਈ ਮਾਨਸਿਕ ਅਤੇ ਸਰੀਰਕ ਤੌਰ ’ਤੇ ਪ੍ਰੇਸ਼ਾਨ ਕਰਨ ਲੱਗਾ। ਇੰਸਪੈਕਟਰ ਕੁਲਵੰਤ ਕੌਰ ਨੇ ਦੱਸਿਆ ਕਿ ਪੁਲੀਸ ਵੱਲੋਂ ਅਮਨਦੀਪ ਸਿੰਘ ਬਾਂਸਲ ਵਾਸੀ ਸੰਤਗੜ੍ਹ, ਤਿਲਕ ਨਗਰ ਦਿੱਲੀ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਥਾਣਾ ਵਿਮੈੱਨ ਦੀ ਪੁਲੀਸ ਨੇ ਰਾਜਗੁਰੂ ਨਗਰ ਵਾਸੀ ਸਿਲਕੀ ਜੈਨ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਵਿੱਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਸ਼ਾਦੀ ਰਾਹੁਲ ਖਿਦਰੀ ਨਾਲ 7 ਦਸੰਬਰ 2019 ਨੂੰ ਹੋਈ ਸੀ। ਉਹ ਸ਼ਾਦੀ ਤੋਂ ਬਾਅਦ ਹੀ ਉਸਨੂੰ ਹੋਰ ਦਾਜ ਲਿਆਉਣ ਲਈ ਮਾਨਸਿਕ ਅਤੇ ਸਰੀਰਕ ਤੌਰ ’ਤੇ ਪ੍ਰੇਸ਼ਾਨ ਕਰਨ ਲੱਗ ਗਿਆ ਸੀ। ਥਾਣੇਦਾਰ ਸੁਰਿੰਦਰ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਰਾਹੁਲ ਖਿਦਰੀ ਵਾਸੀ ਸਾਊਥ ਮਾਡਲ ਗ੍ਰਾਮ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।