ਉਮੀਦਵਾਰਾਂ ਨੇ ਪਰਿਵਾਰ ਨਾਲ ਚਰਚਾ ਕਰ ਬਿਤਾਇਆ ਦਿਨ
ਗਗਨਦੀਪ ਅਰੋੜਾ
ਲੁਧਿਆਣਾ, 20 ਜੂਨ
ਲੁਧਿਆਣਾ ਦੇ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਤਕਰੀਬਨ 100 ਦਿਨ ਦੇ ਕਰੀਬ ਚੋਣ ਪ੍ਰਚਾਰ ਕਰਨ ਤੋਂ ਬਾਅਦ ਆਖ਼ਰਕਾਰ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਅੱਜ ਸੁੱਖ ਦਾ ਸਾਹ ਲਿਆ ਤੇ ਆਪਣਾਂ ਪਹਿਲਾਂ ਵਾਂਗ ਪਰਿਵਾਰ ਨਾਲ ਬਿਤਾਇਆ। ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਤੇ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਪਿਛਲੇ ਤਿੰਨ ਮਹੀਨੇ ਤੋਂ ਲਗਾਤਾਰ ਚੋਣਾਂ ਵਿੱਚ ਪ੍ਰਚਾਰ ਕਰ ਰਹੇ ਸਨ। ਜਦਕਿ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਡੇਢ ਮਹੀਨੇ ਤੋਂ ਪ੍ਰਚਾਰ ਕਰ ਰਹੇ ਸਨ। ਸਭ ਤੋਂ ਘੱਟ ਸਮਾਂ ਪ੍ਰਚਾਰ ਲਈ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੂੰ ਮਿਲਿਆ, ਉਨ੍ਹਾਂ ਨੇ ਸਿਰਫ 20 ਦਿਨ ਹੀ ਚੋਣ ਪ੍ਰਚਾਰ ਲਈ ਮਿਲੇ ਸਨ।
ਚੋਣਾਂ ਪੂਰੀਆਂ ਹੋਣ ਤੋਂ ਬਾਅਦ ਅੱਜ ਉਮੀਦਵਾਰਾਂ ਨੇ ਆਪਣੇ ਸਾਥੀਆਂ ਅਤੇ ਦੋਸਤਾਂ ਦੇ ਨਾਲ-ਨਾਲ ਪਰਿਵਾਰਕ ਮੈਂਬਰਾਂ ਨਾਲ ਸਮਾਂ ਬਿਤਾਇਆ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਪੱਛਮੀ ਹਲਕੇ ਤੋਂ ਉਮੀਦਵਾਰ ਸੰਜੀਵ ਅਰੋੜਾ ਆਪਣੇ ਪਰਿਵਾਰਕ ਮੈਂਬਰਾਂ ਨਾਲ ਰਹੇ। ਇਸ ਦੌਰਾਨ ਉਨ੍ਹਾਂ ਨੇ ਪਰਿਵਾਰ ਦੇ ਨਾਲ ਬੈਠ ਕੇ ਹੀ ਦੁਪਹਿਰ ਦਾ ਖਾਣਾ ਖਾਧਾ ਤੇ ਆਪਣੀ ਪੋਤੀ ਤੇ ਦੋਹਤਿਆਂ ਦੇ ਨਾਲ ਸਮਾਂ ਬਿਤਾਇਆ। ਉਨ੍ਹਾਂ ਨੇ ਉਸ ਤੋਂ ਬਾਅਦ ਕੁੱਝ ਸਮਾਂ ਆਪਣੇ ਦੋਸਤਾਂ ਅਤੇ ‘ਆਪ’ ਵਰਕਰਾਂ ਨਾਲ ਵੀ ਸਮਾਂ ਬਿਤਾਇਆ ਜੋ ਉਨ੍ਹਾਂ ਦੇ ਘਰ ਆਏ ਅਤੇ ਚੋਣਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਗਿਣਤੀ ਵਾਲੇ ਦਿਨ ’ਤੇ ਵੀ ਚਰਚਾ ਕੀਤੀ।
ਦੂਜੇ ਪਾਸੇ ਕਾਂਗਰਸ ਉਮੀਦਵਾਰ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੇ ਪਿਆਰ ਅਤੇ ਸਮਰਥਨ ਲਈ ਧੰਨਵਾਦ ਪ੍ਰਗਟ ਕੀਤਾ। ਆਸ਼ੂ ਪਹਿਲਾਂ ਵਾਂਗ ਸਰਗਰਮ ਰਹੇ ਅਤੇ ਚੋਣਾਂ ਪੂਰੀਆਂ ਹੋਣ ਤੋਂ ਅਗਲੇ ਦਿਨ ਹਮੇਸ਼ਾ ਵਾਂਗ ਆਪਣੇ ਸਾਥੀਆਂ ਨਾਲ ਮਿਲੇ। ਪਰਿਵਾਰਕ ਮੈਂਬਰਾਂ ਦੇ ਨਾਲ ਤੇ ਦੋਸਤਾਂ ਅਤੇ ਵਰਕਰਾਂ ਨਾਲ ਸਮਾਂ ਬਿਤਾਇਆ। ਆਸ਼ੂ ਨੇ ਪਾਰਟੀ ਵਰਕਰਾਂ ਨਾਲ ਵੀ ਗੱਲ ਕੀਤੀ ਅਤੇ ਕਿਹਾ ਕਿ ਕਾਂਗਰਸ ਇਕਜੁੱਟ ਹੈ ਅਤੇ ਇਕੱਠੇ ਲੜੀ ਹੈ ਅਤੇ ਜਿੱਤੇਗੀ। ਭਾਜਪਾ ਦੇ ਜੀਵਨ ਗੁਪਤਾ ਵੀ ਆਪਣੇ ਰੋਜ਼ਾਨਾ ਦੇ ਰੁਟੀਨ ਅਨੁਸਾਰ ਚੱਲਦੇ ਰਹੇ। ਜਿੱਥੇ ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਸਮਾਂ ਬਿਤਾਇਆ, ਉੱਥੇ ਉਨ੍ਹਾਂ ਨੇ ਭਾਜਪਾ ਵਰਕਰਾਂ ਨਾਲ ਵੀ ਕਈ ਮੁੱਦਿਆਂ ’ਤੇ ਚਰਚਾ ਕੀਤੀ। ਆਪਣੇ ਘਰ ਵਿੱਚ ਉਹ ਆਪਣੇ ਬੱਚਿਆਂ ਤੇ ਪਤਨੀ ਨਾਲ ਚਾਹ ਬਣਾਉਂਦੇ ਹੋਏ ਵੀ ਨਜ਼ਰ ਆਏ।
ਇਸਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਕੀਲ ਪਰਉਪਕਾਰ ਸਿੰਘ ਘੁੰਮਣ ਆਪਣੇ ਘਰ ਹੀ ਅਤੇ ਆਪਣੇ ਪਰਿਵਾਰ ਦੇ ਨਾਲ-ਨਾਲ ਦੋਸਤਾਂ ਨੂੰ ਵੀ ਮਿਲੇ। ਇਸ ਦੌਰਾਨ ਉਨ੍ਹਾਂ ਨੇ ਅਕਾਲੀ ਦਲ ਦੇ ਵਰਕਰਾਂ ਨਾਲ ਮੀਟਿੰਗ ਵੀ ਕੀਤੀ ਤੇ ਕਿੰਨੇ ਫੀਸਦ ਵੋਟ ਅਕਾਲੀਆਂ ਨੂੰ ਪਏ ਹੋਏ, ਉਸ ਬਾਰੇ ਵੀ ਚਰਚਾ ਕੀਤੀ।