ਵਿਸ਼ਵ ਅਬਾਦੀ ਦਿਵਸ ਸਬੰਧੀ ਜਾਗਰੂਕਤਾ ਕੈਂਪ
ਨਿੱਜੀ ਪੱਤਰ ਪ੍ਰੇਰਕ
ਖੰਨਾ, 11 ਜੁਲਾਈ
ਨੇੜਲੇ ਪਿੰਡ ਮਾਨੂੰਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਐਸਐਮਓ ਡਾ. ਜਸਦੇਵ ਸਿੰਘ ਦੀ ਅਗਵਾਈ ਹੇਠ ਵਿਸ਼ਵ ਅਬਾਦੀ ਦਿਵਸ ਸਬੰਧੀ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਮੌਕੇ ਡਾ.ਸਤਿਆਜੀਤ ਸਿੰਘ ਨੇ ਕਿਹਾ ਕਿ ਦਿਨੋਂ ਦਿਨ ਵੱਧ ਰਹੀ ਅਬਾਦੀ ਨਾ ਸਿਰਫ਼ ਸਾਡੇ ਦੇਸ਼ ਵਿਚ ਸਗੋਂ ਪੂਰੇ ਵਿਸ਼ਵ ਲਈ ਚਿੰਤਾ ਦਾ ਵਿਸ਼ਾ ਹੈ। ਇਸ ਲਈ ਜ਼ਰੂਰੀ ਹੈ ਕਿ ਪਰਿਵਾਰ ਨੂੰ ਸੀਮਤ ਰੱਖਿਆ ਜਾਵੇ ਤਾਂ ਜੋ ਬੱਚਿਆਂ ਦਾ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਕੀਤਾ ਜਾ ਸਕੇ ਕਿਉਂਕਿ ਵੱਡੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਪ੍ਰਭਾਵ ਬੱਚਿਆਂ ਦੀ ਸਿਹਤ ਤੇ ਪੈਂਦਾ ਹੈ। ਇਸ ਲਈ ਪਰਿਵਾਰ ਨਿਯੋਜਨ ਦੇ ਸਥਾਈ ਅਤੇ ਅਸਥਾਈ ਸਾਧਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਪਰਿਵਾਰ ਨਿਯੋਜਨ ਸਬੰਧੀ ਪੰਦਰਵਾੜਾ ਮਨਾ ਰਿਹਾ ਹੈ ਜਿਸ ਦੌਰਾਨ ਵਿਭਾਗ ਵੱਲੋਂ ਵੱਖ ਵੱਖ ਸਿਹਤ ਕੇਂਦਰਾਂ ਤੇ ਕੈਂਪ ਲਗਾ ਕੇ ਪਰਿਵਾਰ ਨਿਯੋਜਨ ਦੇ ਕੱਚੇ ਤਰੀਕੇ ਜਿਵੇਂ ਕਿ ਕੋਪਰਟੀ, ਨਿਰੋਧ, ਛਾਇਆ ਟੈਬਲੇਟ, ਅੰਤਰਾ ਟੀਕਾ ਅਤੇ ਪੱਕੇ ਤਰੀਕੇ ਨਲਬੰਦੀ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਚਰਨਜੀਤ ਕੌਰ, ਸਤਵੀਰ ਕੌਰ ਅਤੇ ਗੁਰਮੀਤ ਕੌਰ ਆਦਿ ਹਾਜ਼ਰ ਸਨ।