ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 19 ਜੂਨ
ਪੁਲੀਸ ਥਾਣਾ ਸਦਰ ਦੀ ਪੁਲੀਸ ਨੇ ਛੇ ਵੱਖ-ਵੱਖ ਥਾਵਾਂ ਤੋਂ ਹੈਰੋਇਨ ਅਤੇ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਸੱਤ ਤਸਕਰਾਂ ਖ਼ਿਲਾਫ਼ ਕੇਸ ਦਰਜ ਕੀਤੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸੀਆਈਏ ਦੇ ਸਬ-ਇੰਸਪੈਕਟਰ ਗੁਰਸੇਵਕ ਸਿੰਘ ਨੇ ਮੋਗਾ ਲੁਧਿਆਣਾ ਮਾਰਗ ’ਤੇ ਨਾਕਾ ਲਾ ਕੇ ਲਵਪ੍ਰੀਤ ਸਿੰਘ ਉਰਫ ਰਾਣਾ ਵਾਸੀ ਸ਼ਮਸ਼ਦੀਨ ਬਸਤੀ ਜੀਰਾ ਨੂੰ ਮੋਟਰਸਾਈਕਲ ਸਣੇ ਕਾਬੂ ਕਰਕੇ ਉਸ ਕੋਲੋਂ 270 ਗ੍ਰਾਮ ਹੈਰੋਇਨ ਬਰਾਮਦ ਕੀਤੀ। ਦੂਜੇ ਮਾਮਲੇ ’ਚ ਏਐੱਸਆਈ ਸੁਖਦੇਵ ਸਿੰਘ ਨੇ ਥਾਣਾ ਸਿੱਧਵਾਂ ਬੇਟ ਦੇ ਅਧਿਕਾਰ ਖੇਤਰ ’ਚੋਂ ਗੁਰਪ੍ਰੀਤ ਸਿੰਘ ਗੋਪੀ ਵਾਸੀ ਕੋਟ ਈਸੇ ਖਾਂ, ਬਲਵਿੰਦਰ ਸਿੰਘ ਉਰਫ ਬਿੰਦਰ ਵਾਸੀ ਅੱਬੂਪੁਰਾ ਨੂੰ 258 ਗ੍ਰਾਮ ਹੈਰੋਇਨ, ਅੱਠ ਹਜ਼ਾਰ ਡਰੱਗ ਮਨੀ ਅਤੇ ਆਈ-20 ਕਾਰ ਸਣੇ ਹਿਰਾਸਤ ਵਿੱਚ ਲਿਆ।
ਏਐੱਸਆਈ ਜੌਨ ਮਸੀਹ ਨੇ ਗਸ਼ਤ ਦੌਰਾਨ ਐਕਟਿਵਾ ’ਤੇ ਸਵਾਰ ਤਸਕਰ ਜਸਵੰਤ ਸਿੰਘ ਵਾਸੀ ਪਿੰਡ ਸਵੱਦੀ ਖੁਰਦ ਨੂੰ ਕਾਬੂ ਕਰਕੇ ਉਸ ਕੋਲੋਂ 18 ਬੋਤਲਾਂ ਪੰਜਾਬ ਰਾਂਝਾ ਸੌਂਫੀ ਸ਼ਰਾਬ ਦੀਆਂ ਬਰਾਮਦ ਕੀਤੀਆਂ। ਸਬ-ਇੰਸਪੈਟਰ ਸੁਰਜੀਤ ਸਿੰਘ ਨੇ ਹਾਈਟੈਕ ਨਾਕਾ ਲੁਧਿਆਣਾ-ਫਿਰੋਜ਼ਪੁਰ ਮਾਰਗ ਨੇੜੇ ਗੁਰੂਸਰ ਕੋਲੋਂ ਸੂਹ ਦੇ ਆਧਾਰ ’ਤੇ ਤਿੰਨ ਤਸਕਰਾਂ ਰਵਿੰਦਰ ਸਿੰਘ ਉਰਫ ਗੱਬਰ, ਦਵਿੰਦਰ ਸਿੰਘ ਉਰਫ ਰਾਜਨ, ਪਵਨਦੀਪ ਸਿੰਘ ਤਿੰਨੇ ਵਾਸੀ ਪਿੰਡ ਪੱਤੋ ਹੀਰਾ ਸਿੰਘ (ਮੋਗਾ) ਨੂੰ ਮੋਟਰਸਾਈਕਲ ਸਣੇ ਹਿਰਾਸਤ ਵਿੱਚ ਲਿਆ। ਉਨ੍ਹਾਂ ਕੋਲੋਂ ਤਲਾਸ਼ੀ ਦੌਰਾਨ 50 ਗ੍ਰਾਮ ਹੈਰੋਇਨ ਬਰਾਮਦ ਹੋਈ, ਇਹ ਤਿੰਨੋ ਮੁਲਜ਼ਮ ਚੂਹੜਚੱਕ (ਮੋਗਾ) ਵਾਲੇ ਪਾਸੇ ਤੋਂ ਜਗਰਾਉਂ ਨੂੰ ਆ ਰਹੇ ਸਨ।
ਇਸੇ ਲੜੀ ਤਹਿਤ ਪੁਲੀਸ ਚੌਕੀ ਭੂੰਦੜੀ ਨੇ ਗੁਰਮੇਲ ਸਿੰਘ ਉਰਫ ਲੰਮਾ ਵਾਸੀ ਬੂਟੇ ਦੀਆਂ ਛੰਨਾ (ਮਹਿਤਪੁਰ) ਜਲੰਧਰ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 50 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ। ਥਾਣਾ ਸ਼ਹਿਰੀ ਦੀ ਪੁਲੀਸ ਨੇ ਏਐੱਸਆਈ ਰਾਜਵਰਿੰਦਰਪਾਲ ਸਿੰਘ ਦੀ ਅਗਵਾਈ ਹੇਠ 8 ਗ੍ਰਾਮ ਹੈਰੋਇਨ ਸਮੇਤ ਪਿੰਡ ਕੋਠੇ ਖੰਜੂਰਾਂ ਦੇ ਸ਼ਮਸ਼ਾਨ ਘਾਟ ਦੇ ਬਾਹਰੋਂ ਦੋ ਤਸਕਰਾਂ ਵਨੀਤ ਕੁਮਾਰ, ਜਸ਼ਨਪ੍ਰੀਤ ਵਾਸੀ ਪਿੰਡ ਧਮਰਾਏ (ਗੁਰਦਾਸਪੁਰ) ਨੂੰ ਹਿਰਾਸਤ ਵਿੱਚ ਲਿਆ।