ਕੌਂਸਲ ਮੁਲਾਜ਼ਮਾਂ ਤੋਂ ਹੋਰ ਥਾਂ ’ਤੇ ਕੰਮ ਕੰਮ ਲੈਣ ਦਾ ਦੋਸ਼
ਨਿੱਜੀ ਪੱਤਰ ਪ੍ਰੇਰਕ
ਖੰਨਾ, 5 ਜੁਲਾਈ
ਇਥੋਂ ਦੇ ਵਾਰਡ ਨੰਬਰ-25 ਤੋਂ ਕੌਂਸਲਰ ਅਮਨਪ੍ਰੀਤ ਕੌਰ ਤੇ ਰਣਵੀਰ ਸਿੰਘ ਕਾਕਾ ਨੇ ਨਗਰ ਕੌਂਸਲ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਵਾਰਡ ਵਿੱਚ ਕੰਮ ਕਰਦੇ ਸਫ਼ਾਈ ਤੇ ਸੀਵਰ ਮੁਲਾਜ਼ਮਾਂ ਦੀ ਹਾਜ਼ਰੀ ਤਾਂ ਰੋਜ਼ਾਨਾ ਵਾਰਡ ਵਿੱਚ ਲਾਈ ਜਾਂਦੀ ਹੈ ਪਰ ਸਿਆਸੀ ਪ੍ਰਭਾਵ ਕਾਰਨ ਉਨ੍ਹਾਂ ਨੂੰ ਕੰਮ ਕਰਨ ਲਈ ਵਾਰਡ ਦੀ ਥਾਂ ਕਿਸੇ ਹੋਰ ਥਾਂ ਭੇਜ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਖੇਡ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ ਤੇ ਇਹ ਮਸਲਾ ਕਈ ਵਾਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਪਰ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋਈ।
ਅਮਨਦੀਪ ਕੌਰ ਨੇ ਕਿਹਾ ਕਿ ਸਰਕਾਰਾਂ ਲੋਕਾਂ ਦੇ ਕੰਮ ਕਰਵਾਉਣ ਲਈ ਬਣਦੀਆਂ ਹੁੰਦੀਆਂ ਹਨ ਪਰ ਸੱਤਾ ਧਿਰ ਵਿੱਚ ਸ਼ਾਮਲ ਹੋਏ ਕੁਝ ਸ਼ਹਿਰ ਦੇ ਹਾਰੇ ਹੋਏ ਸਿਆਸਤਦਾਨਾਂ ਨੇ ਆਪਣੇ ਪ੍ਰਭਾਵ ਹੇਠ ਮੁਲਾਜ਼ਮਾਂ ਤੋਂ ਕੰਮ ਲੈ ਰਹੇ ਹਨ, ਜਿਸ ਕਾਰਨ ਰੋਜ਼ਾਨਾ ਵੱਡੀ ਗਿਣਤੀ ਵਿੱਚ ਸ਼ਿਕਾਇਤਾਂ ਮਿਲ ਰਹੀਆਂ ਹਨ। ਉਕਤ ਵਿਅਕਤੀ ਸਰਕਾਰ ਦੀ ਸ਼ਹਿ ’ਤੇ ਕਮੇਟੀ ਮੁਲਾਜ਼ਮਾਂ ਨੂੰ ਸਹੀ ਢੰਗ ਨਾਲ ਕੰਮ ਨਹੀਂ ਕਰਨ ਦਿੰਦੇ ਤੇ ਮੁਲਾਜ਼ਮਾਂ ’ਤੇ ਦਬਾਅ ਪਾ ਕੇ ਹੋਰ ਜਗ੍ਹਾ ਕੰਮ ਕਰਨ ਲਈ ਭੇਜਿਆ ਜਾਂਦਾ ਹੈ ਤੇ ਕਈ ਵਾਰ ਕੌਂਸਲ ਮੁਲਾਜ਼ਮਾਂ ਤੋਂ ਨਿੱਜੀ ਕੰਮ ਵੀ ਲਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬਰਸਾਤਾਂ ਤੋਂ ਪਹਿਲਾਂ ਸੀਵਰ ਮੈਨਹੋਲ ਅਤੇ ਗਲੀਆਂ ਦੀ ਸਫ਼ਾਈ ਬਾਰੇ ਕਈ ਵਾਰ ਸਬੰਧਤ ਅਧਿਕਾਰੀਆਂ ਨੂੰ ਕਹਿਣ ਦੇ ਬਾਵਜੂਦ ਮੁਲਾਜ਼ਮ ਲੋਕਾਂ ਦੇ ਕੰਮ ਕਰਨ ਤੋਂ ਅਸਮਰੱਥ ਹਨ।
ਕਿਸੇ ਨੂੰ ਕੋਈ ਹੁਕਮ ਨਹੀਂ ਕੀਤਾ ਗਿਆ: ਕਾਰਜ ਸਾਧਕ ਅਧਿਕਾਰੀ
ਕੌਂਸਲ ਦੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਨੇ ਕਿਹਾ ਕਿ ਕਿਸੇ ਵੀ ਮੁਲਾਜ਼ਮ ਨੂੰ ਅਜਿਹੇ ਹੁਕਮ ਨਹੀਂ ਕੀਤੇ ਗਏ। ਇਹ ਕੰਮ ਸੈਨੀਟੇਸ਼ਨ ਬ੍ਰਾਂਚ ਦੇ ਅਧੀਨ ਹੈ ਜਿਸ ਨਾਲ ਗੱਲਬਾਤ ਕਰਕੇ ਇਸ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇਗਾ।