ਖੇਤੀ ਆਧਾਰਿਤ ਸਿਖਲਾਈ ਕੋਰਸ
ਖੇਤਰੀ ਪ੍ਰਤੀਨਿਧ
ਲੁਧਿਆਣਾ, 11 ਜੁਲਾਈ
ਪੀਏਯੂ ਦੇ ਸਕਿੱਲ ਡਿਵੈੱਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ਖੇਤੀ ਆਧਾਰਿਤ ਉਦਯੋਗ ਸਥਾਪਿਤ ਕਰਨ ਸਬੰਧੀ ਪੰਜ ਦਿਨਾਂ ਦਾ ਸਿਖਲਾਈ ਕੋਰਸ ਪ੍ਰੋਸੈਸਿੰਗ ਅਤੇ ਫੂਡ ਇੰਜਨੀਅਰਿੰਗ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਹਿਯੋਗੀ ਨਿਰਦੇਸ਼ਕ (ਸਕਿੱਲ ਡਿਵੈੱਲਪਮੈਂਟ) ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਕੋਰਸ ਵਿੱਚ 45 ਸਿਖਿਆਰਥੀਆਂ ਨੇ ਭਾਗ ਲਿਆ। ਉਹਨਾਂ ਨੇ ਕਿਹਾ ਕਿ ਇਸ ਕੋਰਸ ਦਾ ਮੁੱਖ ਮੰਤਵ ਕਿਸਾਨ ਕੇਵਲ ਖੇਤੀ ਤੱਕ ਹੀ ਸੀਮਿਤ ਨਾ ਰਹਿਣ, ਬਲਕਿ ਖੇਤੀ ਉਪਜਾਂ ਦੀ ਪ੍ਰੋਸੈਸਿੰਗ ਕਰਕੇ ਚੰਗਾ ਮੁਨਾਫ਼ਾ ਕਮਾਉਣ ਅਤੇ ਸਮਾਜ ਵਿੱਚ ਇੱਕ ਸਫ਼ਲ ਉੱਦਮੀ ਵਜੋਂ ਆਪਣੀ ਇੱਕ ਵਿਲੱਖਣ ਪਹਿਚਾਣ ਕਾਇਮ ਕਰਨ।
ਕੋਰਸ ਕੋਆਰਡੀਨੇਟਰ ਡਾ. ਕੁਲਵੀਰ ਕੌਰ ਨੇ ਇਸ ਕੋਰਸ ਦੀ ਮਹਤੱਤਾ ਬਾਰੇ ਚਾਨਣਾ ਪਾਇਆ। ਉਹਨਾਂ ਦੱਸਿਆ ਕਿ ਇਸ ਕੋਰਸ ਵਿੱਚ ਪ੍ਰੋਸੈਸਿੰਗ ਅਤੇ ਫੂਡ ਇੰਨਜੀਅਰਿੰਗ ਵਿਭਾਗ ਦੇ ਵੱਖ-ਵੱਖ ਮਾਹਿਰਾਂ ਡਾ. ਐਮ. ਐੱਸ. ਆਲਮ, ਡਾ. ਪ੍ਰੀਤਇੰਦਰ ਕੌਰ, ਡਾ. ਗੁਰਵੀਰ ਕੌਰ, ਡਾ. ਸਤੀਸ਼ ਕੁਮਾਰ ਗੁਪਤਾ, ਡਾ. ਗੁਰਨਾਜ਼ ਸਿੰਘ ਗਿੱਲ, ਡਾ. ਮਨਿੰਦਰ ਕੌਰ, ਡਾ. ਮਨਪ੍ਰੀਤ ਕੌਰ ਸੈਣੀ, ਡਾ. ਸਤੀਸ਼ ਕੁਮਾਰ, ਡਾ. ਰੋਹਿਤ ਸ਼ਰਮਾ, ਡਾ. ਗਗਨਦੀਪ ਕੌਰ ਸਿੱਧੂ, ਐਗਮਾਰਕ ਲੈਬੋਰਟਰੀ ਦੇ ਇੰਚਾਰਜ ਡਾ. ਮਨਮੀਤ ਮਾਨਵ, ਸਕੂਲ ਆਫ਼ ਬਿਜ਼ਨਸ ਸਟੱਡੀਜ਼ ਤੋਂ ਡਾ. ਖੁਸ਼ਦੀਪ ਸਿੰਘ ਧਾਰਨੀ, ਪਸਾਰ ਸਿੱਖਿਆ ਵਿਭਾਗ ਤੋਂ ਡਾ. ਦਵਿੰਦਰ ਤਿਵਾੜੀ, ਸਕਿੱਲ ਡਿਵੈੱਲਪਮੈਂਟ ਸੈਂਟਰ ਤੋਂ ਡਾ. ਪ੍ਰੇਰਨਾ ਕਪਿਲਾ ਨੇ ਕੋਰਸ ਸੰਬੰਧੀ ਵੱਖੋ-ਵੱਖ ਵਿਸ਼ਿਆਂ ਉੱਪਰ ਪ੍ਰੈਕਟੀਕਲ ਤਰੀਕੇ ਨਾਲ਼ ਭਰਪੂਰ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ’ਤੇ ਇੰਡੀਅਨ ਬੈਂਕ ਤੋਂ ਚੰਦਨ ਠਾਕੁਰ ਨੇ ਰਾਸ਼ਟਰੀਕ੍ਰਿਤ ਬੈਂਕਾਂ ਵੱਲੋਂ ਕਰਜ਼ਾ ਸਹੂਲਤਾਂ ਅਤੇ ਸਰਕਾਰੀ ਸਬਸਿਡੀ ਸਹੂਲਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਪ੍ਰੀਤੀ ਅਤੇ ਡਾ. ਕਿਰਨਦੀਪ ਨੇ ਸਿਖਿਆਰਥੀਆਂ ਨੂੰ ਪਿੰਡ ਲੱਖੋਵਾਲ, ਜ਼ਿਲ੍ਹਾ ਲੁਧਿਆਣਾ ਵਿਖੇ ਐਗਰੋ ਪ੍ਰੋਸੈਸਿੰਗ ਕੰਪਲੈਕਸ ਦਾ ਗਿਆਨਵਰਧਕ ਦੌਰਾ ਵੀ ਕਰਵਾਇਆ। ਇਸ ਮੌਕੇ ’ਤੇ ਡਾ. ਪ੍ਰੀਤਇੰਦਰ ਕੌਰ ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਰੇ ਸਿਖਿਆਰਥੀ ਇਸ ਕੋਰਸ ਉਪਰੰਤ ਹੋਰਨਾਂ ਕਿਸਾਨਾਂ ਨੂੰ ਐਗਰੋ ਪ੍ਰੋਸੈਸਿੰਗ ਬਾਰੇ ਪ੍ਰੇਰਿਤ ਕਰਨ ਜਿਸ ਨਾਲ਼ ਕਿਸਾਨਾਂ ਦੀ ਆਮਦਨੀ ਵਿੱਚ ਵਾਧਾ ਵੀ ਹੋਵੇਗਾ। ਅੰਤ ਵਿੱਚ ਕੰਵਲਜੀਤ ਕੌਰ ਨੇ ਸਾਰੇ ਸਿਖਿਆਰਥੀਆਂ ਦਾ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਿਖਿਆਰਥੀਆਂ ਨੂੰ ਇਸ ਕੋਰਸ ਉਪਰੰਤ ਪ੍ਰਾਪਤ ਕੀਤੀ ਜਾਣਕਾਰੀ ਨੂੰ ਆਪਣੇ ਕਿੱਤੇ ਵਿੱਚ ਅਪਨਾਉਣ ਦੀ ਸਲਾਹ ਦਿੱਤੀ।