‘ਆਪ’ ਨੇ ਲੋਕਾਂ ਦਾ ਧਿਆਨ ਭਟਕਾਉਣ ਲਈ ਮਜੀਠੀਆ ਨੂੰ ਫੜਿਆ: ਚੁੱਘ
ਗੁਰਿੰਦਰ ਸਿੰਘ
ਲੁਧਿਆਣਾ, 27 ਜੂਨ
ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਅੱਜ ਇਥੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦਾ ਧਿਆਨ ਆਪਣੀਆਂ ਅਸਫ਼ਲਤਾਵਾਂ ਅਤੇ ਪੰਜਾਬ ਦੇ ਅਸਲ ਮੁੱਦਿਆਂ ਤੋਂ ਹਟਾਉਣ ਲਈ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫ਼ਤਾਰ ਕੀਤਾ ਹੈ। ਇਥੇ ਦੁੱਗਰੀ ਸਥਿਤ ਭਾਜਪਾ ਦਫ਼ਤਰ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਪੂਰੀ ਤਰ੍ਹਾਂ ਫੇਲ੍ਹ ਸਿੱਧ ਹੋਈ ਹੈ ਅਤੇ ਸਰਕਾਰ ਵੱਲੋਂ 30 ਮਈ ਤੱਕ ਨਸ਼ੇ ਖ਼ਤਮ ਕਰਨ ਦਾ ਐਲਾਨ ਵੀ ਠੁੱਸ ਸਾਬਤ ਹੋਇਆ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਨਸ਼ਿਆਂ ਸਬੰਧੀ ਦੋਹਰੀ ਨੀਤੀ ਅਪਣਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਬਿਕਰਮ ਮਜੀਠੀਆ ਨੂੰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕਰਨ ਦੇ ਮਾਮਲੇ ਸਬੰਧੀ ਭਗਵੰਤ ਮਾਨ ਤਸਕਰੀ ਦੇ ਵੱਡੇ ਮਗਰਮੱਛ ਨੂੰ ਕਾਬੂ ਕਰਨ ਦੇ ਬਿਆਨ ਦੇ ਰਿਹਾ ਹੈ ਪਰ ਦੂਜੇ ਪਾਸੇ ਉਹ ਇਹ ਦੱਸਣ ਦੀ ਖੇਚਲ ਕਰਨ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਬਿਕਰਮ ਮਜੀਠੀਆ ਖ਼ਿਲਾਫ਼ ਨਸ਼ਾ ਤਸਕਰੀ ਦੇ ਬਿਆਨ ਸਬੰਧੀ ਅਦਾਲਤ ਵਿੱਚ ਉਨ੍ਹਾਂ ਤੋਂ ਲਿਖਤੀ ਮੁਆਫ਼ੀ ਕਿਉਂ ਮੰਗੀ ਸੀ? ਉਨ੍ਹਾਂ ਕਿਹਾ ਕਿ ਜੇਕਰ ਉਹ ਵੱਡੇ ਨਸ਼ਾ ਤਸਕਰ ਸਨ ਤਾਂ ਉਸ ਵਕਤ ਉਨ੍ਹਾਂ ਤੋਂ ਮਾਫ਼ੀ ਮੰਗ ਕੇ ਕਿਉਂ ਛੱਡਿਆ ਗਿਆ ਤੇ ਹੁਣ ਭਗਵੰਤ ਮਾਨ ਉਨ੍ਹਾਂ ਨੂੰ ਵੱਡਾ ਮਗਰਮੱਛ ਦੱਸ ਕੇ ਪਕੜਨ ਦੀ ਬਿਆਨਬਾਜ਼ੀ ਕਿਉਂ ਕਰ ਰਿਹਾ ਹੈ?
ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਆੜ ਹੇਠ ਬਦਲਾਖੋਰੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪੂਰੀ ਤਰ੍ਹਾਂ ਨਸ਼ਿਆਂ ਅਤੇ ਨਸ਼ਾ ਕਾਰੋਬਾਰ ਦੇ ਖ਼ਿਲਾਫ਼ ਹੈ। ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿੱਚ ਲੋਕਾਂ ਨੇ ਭਾਜਪਾ ਦੇ ਹੱਕ ਵਿੱਚ ਵੱਡਾ ਫਤਵਾ ਦਿੱਤਾ ਹੈ ਜੋ ਉਨ੍ਹਾਂ ਨੂੰ 2027 ਵਿੱਚ ਹੋਣ ਵਾਲੀ ਵਿਧਾਨ ਸਭਾ ਚੋਣ ਵਿੱਚ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦਾ ਵੋਟ ਪ੍ਰਤੀਸ਼ਤ 22 ਫ਼ੀਸਦ ਤੱਕ ਪਹੁੰਚ ਗਿਆ ਹੈ।
ਐਮਰਜੈਂਸੀ ਦੀ 50ਵੀਂ ਵਰ੍ਹੇਗੰਢ ਸਬੰਧੀ ਸਮਾਗਮ
ਭਾਜਪਾ ਦੇ ਦੁੱਗਰੀ ਰੋਡ ਸਥਿਤ ਦਫ਼ਤਰ ਵਿੱਚ ਅੱਜ ਐਮਰਜੰਸੀ ਦੇ ਕਾਲੇ ਅਧਿਆਏ ਦੀ 59ਵੀਂ ਵਰ੍ਹੇਗੰਢ ਮੌਕੇ ਹੋਏ ਸਮਾਗਮ ਦੌਰਾਨ ਤਰੁਣ ਚੁੱਘ ਨੇ ਕਾਂਗਰਸ ਪਾਰਟੀ ਨੂੰ ਲੋਕਤੰਤਰ ਅਤੇ ਸੰਵਿਧਾਨ ਦਾ ਕਤਲ ਕਰਨ ਵਾਲੀ ਪਾਰਟੀ ਦੱਸਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਹੀ ਸੱਤਾ ਦੀ ਭੁੱਖ ਪੂਰੀ ਕਰਨ ਲਈ ਘਟੀਆ ਹਥਕੰਡੇ ਵਰਤ ਕੇ ਗੈਰ ਲੋਕਤੰਤਰੀ ਅਤੇ ਗੈਰ ਸੰਵਿਧਾਨਕ ਕਾਰਵਾਈਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ 25 ਜੂਨ 1975 ਵਿੱਚ ਦੇਸ਼ ਅੰਦਰ ਲਗਾਈ ਗਈ ਐਮਰਜੈਂਸੀ ਦੇ ਕਾਲੇ ਅਧਿਆਏ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਜਨਸੰਘ ਪਾਰਟੀ ਨੇ ਉਸ ਐਮਰਜੈਂਸੀ ਖ਼ਿਲਾਫ਼ ਆਵਾਜ਼ ਉਠਾਈ ਸੀ ਅਤੇ ਅੰਦੋਲਨ ਵਿੱਚ ਡੇਢ ਲੱਖ ਤੋਂ ਵੱਧ ਵਰਕਰਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਸੀ। ਸ੍ਰੀ ਤਰਨ ਚੁੱਘ ਨੇ ਇਸ ਮੌਕੇ ਐਮਰਜੰਸੀ ਦੌਰਾਨ ਜੇਲ੍ਹ ਦੀ ਕਾਲ ਕੋਠੜੀ ਵਿੱਚ ਕਈ ਮਹੀਨੇ ਕੈਦ ਕੱਟਣ ਵਾਲੇ ਜਗਦੀਸ਼ ਰਾਏ ਬਿਰਲਾ, ਦਿਨੇਸ਼ ਸ਼ਰਮਾ, ਇੰਦਰਜੀਤ ਵਰਮਾ, ਸਤਪਾਲ ਭਾਟੀਆ, ਬਿਹਾਰੀ ਲਾਲ ਸਿੰਘਲਾ, ਕੁਲ ਭੂਸ਼ਣ ਵਰਮਾ, ਰਮੇਸ਼ ਮਹਾਜਨ, ਰਾਧੇ ਸ਼ਾਮ ਖੱਤਰੀ ਅਤੇ ਜਗਨਨਾਥ ਚੋਪੜਾ ਸ਼ਾਮਿਲ ਸਨ। ਇਨ੍ਹਾਂ ਸਖ਼ਸ਼ੀਅਤਾਂ ਨੂੰ ਸ੍ਰੀ ਤਰੁਨ ਚੁੱਘ, ਰਜਨੀਸ਼ ਧੀਮਾਨ, ਸਾਬਕਾ ਵਿਧਾਇਕ ਪ੍ਰੇਮ ਮਿੱਤਲ, ਹੋਬੀ ਧਾਲੀਵਾਲ ਅਤੇ ਸ੍ਰੀਮਤੀ ਰੇਨੂ ਥਾਪਰ ਨੂੰ ਸਨਮਾਨਿਤ ਕੀਤਾ।