ਪੱਤਰ ਪ੍ਰੇਰਕ
ਦੋਰਾਹਾ, 9 ਸਤੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਇਥੋਂ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਦਮਦਮਾ ਸਾਹਿਬ ਵਿਖੇ ਜਥੇਦਾਰ ਹਰਪਾਲ ਸਿੰਘ ਜੱਲ੍ਹਾ ਦੀ ਅਗਵਾਈ ਹੇਠਾਂ ਸੁੰਦਰ ਦਸਤਾਰ ਤੇ ਦੁਮਾਲਾ ਸਜਾਉਣ ਮੁਕਾਬਲੇ ਕਰਵਾਏ ਗਏ। ਜਿਸ ਵਿਚ 700 ਤੋਂ ਵਧੇਰੇ ਬੱਚਿਆਂ ਨੇ ਹਿੱਸਾ ਲਿਆ। ਵਿਰਸਾ ਸੰਭਾਲ ਸਰਦਾਰੀ ਲਹਿਰ ਦੇ ਮੁੱਖ ਸੇਵਾਦਾਰ ਮਨਦੀਪ ਸਿੰਘ ਨੇ ਦੱਸਿਆ ਕਿ ਦਸਤਾਰ ਮੁਕਾਬਲੇ ਦੌਰਾਨ ਜੂਨੀਅਰ ਵਰਗ ਵਿਚ 13 ਸਾਲ ਤੱਕ ਦੇ ਬੱਚੇ ਅਤੇ ਸੀਨੀਅਰ ਵਰਗ ਵਿਚ 14 ਤੋਂ 20 ਸਾਲ ਤੱਕ ਦੇ ਬੱਚੇ ਸ਼ਾਮਲ ਸਨ। ਇਸ ਦੌਰਾਨ ਜੇਤੂਆਂ ਨੂੰ 5100 ਰੁਪਏ ਪਹਿਲਾ, 4100 ਰੁਪਏ ਦੂਜਾ ਅਤੇ 3100 ਰੁਪਏ ਤੀਜਾ ਇਨਾਮ ਦਿੰਦਿਆਂ ਸਿਰੋਪਾਓ ਤੇ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਜੱਜਾਂ ਦੀ ਭੂਮਿਕਾ ਵਿਰਸਾ ਸੰਭਾਲ ਸਰਦਾਰੀ ਲਹਿਰ ਦੀ ਟੀਮ ਨੇ ਬਾਖੂਬੀ ਨਿਭਾਈ। ਇਸ ਮੌਕੇ ਪੁਸ਼ਪਿੰਦਰ ਸਿੰਘ ਰਵੀ, ਭਗਵੰਤ ਸਿੰਘ, ਤਰਲੋਚਨ ਸਿੰਘ, ਗੁਰਚਰਨ ਸਿੰਘ ਤੇ ਗੁਰਦੇਵ ਸਿੰਘ ਆਦਿ ਹਾਜ਼ਰ ਸਨ।