ਪੱਤਰ ਪ੍ਰੇਰਕ
ਮਾਛੀਵਾੜਾ, 24 ਸਤੰਬਰ
ਸਥਾਨਕ ਪੁਲੀਸ ਵਲੋਂ ਜਸਵੀਰ ਲਾਲ ਵਾਸੀ ਚੱਕੀ ਦੀ ਸ਼ਿਕਾਇਤ ਦੇ ਅਧਾਰ ’ਤੇ ਉਸ ਦੇ ਘਰ ਜਾ ਕੇ ਹਮਲਾ ਕਰਨ ਦੇ ਕਥਿਤ ਦੋਸ਼ ਹੇਠ 7 ਵਿਅਕਤੀ ਰਾਜ ਕੁਮਾਰ, ਲੱਖੂ, ਰਤਨ ਕੁਮਾਰ, ਸੰਜੀਵ ਕੁਮਾਰ, ਹੈਪੀ, ਜਸਵੀਰ ਤੇ ਤਾਰੀ ਵਾਸੀ ਚੱਕੀ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਸਵੀਰ ਲਾਲ ਨੇ ਮਾਛੀਵਾੜਾ ਪੁਲੀਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦੇ ਪਿੰਡ ਦਾ ਵਾਸੀ ਤਰਸੇਮ ਲਾਲ ਤੇ ਰਾਜ ਕੁਮਾਰ ਪਿੰਡ ਦੇ ਟੋਭੇ ’ਚੋਂ ਪਾਣੀ ਕੱਢ ਰਹੇ ਸਨ ਜਿਸ ਦੌਰਾਨ ਉਨ੍ਹਾਂ ਦਾ ਆਪਸ ਵਿਚ ਝਗੜਾ ਹੋ ਗਿਆ। ਰੌਲਾ ਸੁਣ ਕੇ ਜਦੋਂ ਉਹ ਦੋਵੇਂ ਧਿਰਾਂ ਦੀ ਹੁੰਦੀ ਲੜਾਈ ਨੂੰ ਛੁਡਵਾਉਣ ਲੱਗਾ ਤਾਂ ਰਾਜ ਕੁਮਾਰ ਨੇ ਉਸ ਨਾਲ ਗਾਲੀ-ਗਲੋਚ ਕੀਤੀ। ਬਿਆਨਕਰਤਾ ਅਨੁਸਾਰ ਰਾਤ ਕਰੀਬ 10.15 ਵਜੇ ਜਦੋਂ ਉਹ ਆਪਣੇ ਘਰ ਦੇ ਵਿਹੜੇ ਵਿਚ ਖੜਾ ਸੀ ਤਾਂ ਰਾਜ ਕੁਮਾਰ ਦੇ ਹੱਥ ਵਿਚ ਕਹੀ ਫੜੀ ਹੋਈ ਸੀ ਅਤੇ ਉਸ ਨਾਲ ਲੱਖੂ, ਰਤਨ ਕੁਮਾਰ ਜਿਨ੍ਹਾਂ ਦੇ ਹੱਥ ’ਚ ਡੰਡੇ, ਸੰਜੀਵ ਕੁਮਾਰ, ਤਾਰੀ, ਹੈਪੀ ਤੇ ਜਸਵੀਰ ਉਹ ਸਾਰੇ ਉਸ ਦੇ ਘਰ ਅੰਦਰ ਵੜ ਗਏ ਤੇ ਗਾਲ੍ਹਾਂ ਕੱਢਣ ਲੱਗ ਪਏ। ਲੱਖੂ ਤੇ ਰਾਜ ਕੁਮਾਰ ਨੇ ਕਹੀ ਨਾਲ ਵਾਰ ਕੀਤਾ ਜੋ ਉਸ ਦੇ ਨੱਕ ’ਤੇ ਲੱਗਿਆ। ਫਿਰ ਉਹ ਗਾਲ੍ਹਾਂ ਕੱਢਦੇ ਹੋਏ ਚਲੇ ਗਏ। ਉਸ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲੀਸ ਵਲੋਂ ਫਿਲਹਾਲ 7 ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਪਰ ਇਸ ਸਬੰਧੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ।