ਉਧਾਰ ਦਿੱਤੇ ਪੈਸੇ ਮੰਗਣ ’ਤੇ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ
ਨਵੀਂ ਦਿੱਲੀ, 10 ਜੁਲਾਈ
ਉਤਰ ਪੂਰਬੀ ਦਿੱਲੀ ਦੇ ਜਾਫਰਾਬਾਦ ਖੇਤਰ ਵਿੱਚ ਇੱਕ ਸਥਾਨਕ ਨਿਵਾਸੀ ਨੇ ਦੋ ਹਜ਼ਾਰ ਦੇ ਕਰਜ਼ ਨੂੰ ਲੈ ਕੇ ਹੋਏ ਵਿਵਾਦ ਮਗਰੋਂ 23 ਸਾਲਾ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਇਹ ਘਟਨਾ ਦੇਰ ਰਾਤ 12.10 ਵਜੇ ਵਾਪਰੀ ਜਦੋਂ ਫਰਦੀਨ ਨੇ ਮੁਲਜ਼ਮ ਆਦਿਲ ਤੋਂ ਉਸ ਤੋਂ ਉਧਾਰ ਲਏ ਦੋ ਹਜ਼ਾਰ ਰੁਪਏ ਮੰਗੇ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਾਫਰਾਬਾਦ ਥਾਣੇ ਵਿੱਚ ਚਾਕੂ ਮਾਰਨ ਦੀ ਘਟਨਾ ਸਬੰਧੀ ਸੂਚਨਾ ਮਿਲੀ ਸੀ। ਜੇਪੀਸੀ ਹਸਪਤਾਲ ਪਹੁੰਚਣ ’ਤੇ ਪੁਲੀਸ ਮੁਲਾਜ਼ਮਾਂ ਨੂੰ ਪਤਾ ਲੱਗਿਆ ਕਿ ਫਰਦੀਨ ਨੂੰ ਉਸ ਦਾ ਪਿਤਾ ਹਸਪਤਾਲ ਲੈ ਕੇ ਆਇਆ ਸੀ ਅਤੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਸੀ। ਮੁੱਢਲੀ ਜਾਂਚ ਦੌਰਾਨ ਪਤਾ ਲੱਗਿਆ ਕਿ ਫਰਦੀਨ ਅਤੇ ਉਸ ਦਾ ਦੋਸਤ ਜਾਵੇਦ ਗਲੀ ਦੇ ਕੋਲ ਖੜ੍ਹੇ ਸਨ। ਉਸੀ ਸਮੇਂ ਆਦਿਲ ਆਇਆ, ਜਿਸ ਨੇ ਪਹਿਲਾਂ ਉਸ ਤੋਂ ਦੋ ਹਜ਼ਾਰ ਰੁਪਏ ਉਧਾਰ ਲਏ ਸਨ। ਜਦੋਂ ਫਰਦੀਨ ਨੇ ਆਦਿਲ ਤੋਂ ਆਪਣੇ ਪੈਸੇ ਵਾਪਸ ਮੰਗੇ ਤਾਂ ਆਦਿਲ ਤੈਸ਼ ਵਿੱਚ ਆ ਗਿਆ ਹੈ। ਉਸ ਨੇ ਦੋਵਾਂ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਘਟਨਾ ਮਗਰੋਂ ਉਹ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੌਕੇ ’ਤੇ ਆਦਿਲ ਦਾ ਭਰਾ ਕਾਮਿਲ ਅਤੇ ਉਸ ਦਾ ਪਿਤਾ ਸ਼ਕੀਲ ਵੀ ਮੌਕੇ ’ਤੇ ਮੌਜੂਦ ਸਨ। ਉਨ੍ਹਾਂ ਆਦਿਲ ਨੂੰ ਦੋਵਾਂ ਨੌਜਵਾਨਾਂ ’ਤੇ ਹਮਲਾ ਕਰਨ ਲਈ ਉਕਸਾਇਆ। ਇਸ ਸਬੰਧੀ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਇਸ ਸਬੰਧੀ ਮੁਲਜ਼ਮਾਂ ਦੀ ਭਾਲ ਲਈ ਕਈ ਥਾਈਂ ਛਾਪੇ ਵੀ ਮਾਰੇ। -ਪੀਟੀਆਈ