ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜੁਲਾਈ
ਕੌਮੀ ਰਾਜਧਾਨੀ ਵਿਚ ਆਮ ਲੋਕ ਹੀ ਟਰੈਫਿਕ ਨਿਯਮਾਂ ਦਾ ਉਲੰਘਣ ਨਹੀਂ ਕਰਦੇ ਸਗੋਂ ਦਿੱਲੀ ਪੁਲੀਸ ਦੇ ਜਵਾਨ ਵੀ ਉਨ੍ਹਾਂ ਆਮ ਲੋਕਾਂ ਵਿੱਚ ਸ਼ਾਮਲ ਹਨ ਜੋ ਟਰੈਫਿਕ ਨਿਯਮਾਂ ਦੀ ਅਣਦੇਖੀ ਕਰਦੇ ਹਨ। ਹੈਲਮਟ ਨਾ ਪਾਉਣਾ, ਜ਼ੈਬਰਾ ਕਰਾਸ ਉਤੇ ਗੱਡੀਆਂ ਖੜ੍ਹੀਆਂ ਕਰਨਾ, ਲਾਲ ਬੱਤੀ ਟੱਪਣਾ ਪੁਲੀਸ ਮੁਲਾਜ਼ਮਾਂ ਵੱਲੋਂ ਆਮ ਗੱਲ ਹੈ। ਹਾਲਾਂਕਿ ਬਹੁਤੇ ਚੌਂਕਾਂ ਉਪਰ ਸੀਸੀਟੀਵੀ ਕੈਮਰੇ ਲਾਏ ਹੋਏ ਸਨ। ਪੁਲੀਸ ਵਾਲਿਆਂ ਦੀ ਦੇਖਾ-ਦੇਖੀ ਹੋਰ ਲੋਕ ਵੀ ਟਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਜ਼ੈਬਰਾ ਕਰਾਸ ਉਤੇ ਗੱਡੀਆਂ ਖੜ੍ਹੀਆਂ ਕਰਨ ਦਾ ਜੁਰਮਾਨਾ ਤਾਰਨਾ ਪੈਂਦਾ ਹੈ। ਇਸੇ ਤਰ੍ਹਾਂ ਹੀ ਰੁਕਣ ਵਾਲੀ ਚਿੱਟੀ ਲਕੀਰ ਤੋਂ ਅੱਗੇ ਦੋ ਪਹੀਆ ਜਾਂ ਚਾਰ ਪਹੀਆ ਗੱਡੀ ਖੜ੍ਹੀ ਕਰਨਾ ਵੀ ਟ੍ਰੈਫਿਕ ਨਿਯਮਾਂ ਦਾ ਉਲੰਘਣ ਮੰਨਿਆ ਜਾਂਦਾ ਹੈ। ਇਸ ਦੌਰਾਨ ਦਿੱਲੀ ਪੁਲੀਸ ਦੇ ਦੋ ਮੁਲਾਜ਼ਮਾਂ ਨੇ ਕਨਾਟ ਪੈਲੇਸ ਦੇ ਆਊਟਰ ਸਰਕਲ ਦੀ ਇੱਕ ਲਾਲ ਬੱਤੀ ਉਤੇ ਰੁਕਣ ਵਾਲੀ ਲਕੀਰ ਟੱਪ ਕੇ ਆਪਣੇ ਮੋਟਰਸਾਈਕਲ ਖੜ੍ਹਾਏ ਜਿਸ ਦੀ ਵੀਡੀਓ ਤੇ ਫੋਟੋਆਂ ਵਾਇਰਲ ਹੋਈਆਂ ਹਨ। ਹਰੀ ਬੱਤੀ ਹੁੰਦੇ ਹੀ ਉਕਤ ਪੁਲੀਸ ਵਾਲੇ ਕਨਾਟ ਪੈਲੇਸ ਥਾਣੇ ਵੱਲ ਚਲੇ ਗਏ।