ਵਿਨੇਸ਼ ਫੋਗਾਟ ਨੇ ਪੁੱਤਰ ਨੂੰ ਜਨਮ ਦਿੱਤਾ
ਚੰਡੀਗੜ੍ਹ: ਹਰਿਆਣਾ ਦੀ ਪਹਿਲਵਾਨ ਤੇ ਜੁਲਾਨਾ ਤੋਂ ਕਾਂਗਰਸ ਵਿਧਾਇਕਾ ਵਿਨੇਸ਼ ਫੋਗਾਟ ਮਾਂ ਬਣ ਗਈ ਹੈ। ਉਸ ਨੇ ਅੱਜ ਸਵੇਰੇ ਲਗਪਗ ਨੌਂ ਵਜੇ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਲੜਕੇ ਨੂੰ ਜਨਮ ਦਿੱਤਾ। ਉਸ ਨੂੰ ਇੱਕ ਦਿਨ ਪਹਿਲਾਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਉਸ ਦੀ ਡਿਲਿਵਰੀ ਅਪਰੇਸ਼ਨ ਰਾਹੀਂ ਹੋਈ। ਜ਼ੱਚਾ-ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹਨ। ਵਿਨੇਸ਼ ਨੇ ਆਪਣੇ ਗਰਭਵਤੀ ਹੋਣ ਦੀ ਜਾਣਕਾਰੀ ਮਾਰਚ ਮਹੀਨੇ ਆਪਣੇ ਪਤੀ ਸੋਮਵੀਰ ਰਾਠੀ ਨਾਲ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਸੀ। ਵਿਨੇਸ਼ ਤੇ ਸੋਮਵੀਰ ਦਾ ਵਿਆਹ 14 ਦਸੰਬਰ 2018 ਨੂੰ ਹੋਇਆ ਸੀ। ਵਿਨੇਸ਼ ਨੇ 2024 ਦੀਆਂ ਪੈਰਿਸ ਓਲੰਪਿਕ ਖੇਡਾਂ ਦੇ 50 ਕਿਲੋਗ੍ਰਾਮ ਭਾਰ ਵਰਗ ਵਿੱਚ ਇੱਕ ਦਿਨ ਵਿੱਚ ਤਿੰਨ ਮੁਕਾਬਲੇ ਜਿੱਤ ਕੇ ਫਾਈਨਲ ਵਿੱਚ ਥਾਂ ਬਣਾਈ ਸੀ। ਹਾਲਾਂਕਿ, 100 ਗ੍ਰਾਮ ਭਾਰ ਵੱਧ ਹੋਣ ਕਾਰਨ ਉਹ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਈ ਸੀ। ਇਸ ਘਟਨਾ ਮਗਰੋਂ ਵਿਨੇਸ਼ ਨੇ ਪਿਛਲੇ ਸਾਲ 8 ਅਗਸਤ ਨੂੰ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਬਾਅਦ ਵਿੱਚ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਈ। ਵਿਨੇਸ਼ ਫੋਗਾਟ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਤਤਕਾਲੀ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ’ਚ ਮੋਹਰੀ ਭੂਮਿਕਾ ਨਿਭਾਈ ਸੀ। ਬ੍ਰਿਜ ਭੂਸ਼ਨ ’ਤੇ ਮਹਿਲਾ ਪਹਿਲਵਾਨਾਂ ਦਾ ਕਥਿਤ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਹੈ। -ਟਨਸ