ਵਿੱਜ ਨੇ ਭਾਜਪਾ ਹਾਈਕਮਾਨ ਨੂੰ ਅੱਠ ਪੰਨਿਆਂ ਦਾ ਜਵਾਬ ਸੌਂਪਿਆ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਫਰਵਰੀ
ਹਰਿਆਣਾ ਦੇ ਆਵਾਜਾਈ, ਬਿਜਲੀ ਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਅਨੁਸ਼ਾਸਨਹੀਣਤਾ ਦੇ ਮਾਮਲੇ ਵਿੱਚ ਭਾਜਪਾ ਵੱਲੋਂ ਜਾਰੀ ‘ਕਾਰਨ ਦੱਸੋ ਨੋਟਿਸ’ ਦਾ ਜਵਾਬ ਅੱਠ ਪੰਨਿਆਂ ਵਿੱਚ ਪਾਰਟੀ ਹਾਈਕਮਾਨ ਨੂੰ ਸੌਂਪ ਦਿੱਤਾ ਹੈ। ਨਾਲ ਹੀ ਵਿੱਜ (71) ਨੇ ਇਸ ਨੋਟਿਸ ਦੇ ਮੀਡੀਆ ਵਿੱਚ ਲੀਕ ਹੋਣ ਦੇ ਮਾਮਲੇ ’ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ’ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬੜੌਲੀ ਖ਼ਿਲਾਫ਼ ਜਨਤਕ ਬਿਆਨਬਾਜ਼ੀ ਰਾਹੀਂ ਪਾਰਟੀ ਅਨੁਸ਼ਾਸਨ ਤੋੜਨ ਦਾ ਦੋਸ਼ ਲਾਇਆ ਗਿਆ ਸੀ। ਕਾਰਨ ਦੱਸੋ ਨੋਟਿਸ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਦੇ ਨਿਰਦੇਸ਼ ’ਤੇ ਪਾਰਟੀ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਬੜੌਲੀ ਵੱਲੋਂ ਹੀ ਜਾਰੀ ਕੀਤਾ ਗਿਆ ਸੀ ਅਤੇ ਤਿੰਨ ਦਿਨਾਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਗਿਆ ਸੀ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਜ ਨੇ ਅੱਜ ਕਿਹਾ ਕਿ ਉਹ ਤਿੰਨ ਦਿਨ ਬੰਗਲੁਰੂ ਵਿੱਚ ਸਨ ਅਤੇ ਬੀਤੀ ਰਾਤ ਹੀ ਪਰਤੇ ਹਨ। ਉਨ੍ਹਾਂ ਕਿਹਾ ਕਿ ਦੋ ਵਿਅਕਤੀਆਂ ਦਰਮਿਆਨ ਗੱਲਬਾਤ ਕਿਸਨੇ ਲੀਕ ਕੀਤੀ, ਜੇਕਰ ਪਾਰਟੀ ਚਾਹੇ ਤਾਂ ਇਸ ਦੀ ਵੀ ਜਾਂਚ ਕਰਵਾ ਸਕਦੀ ਹੈ। ਨਾ ਚਾਹੇ ਤਾਂ ਪਾਰਟੀ ਦੀ ਮਰਜ਼ੀ। ਹਾਈਕਮਾਨ ਨੂੰ ਸੌਂਪੇ ਜਵਾਬ ਬਾਰੇ ਪੁੱਛੇ ਜਾਣ ’ਤੇ ਅਨਿਲ ਵਿੱਜ ਨੇ ਦੋ-ਟੁੱਕ ਕਿਹਾ ਕਿ ਉਨ੍ਹਾਂ ਨੇ ਨੋਟਿਸ ਦਾ ਜਵਾਬ ਦੇ ਦਿੱਤਾ ਹੈ ਜਿਸ ਨੂੰ ਜਨਤਕ ਨਹੀਂ ਕੀਤਾ ਜਾ ਸਕਦਾ ਹੈ।