ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 5 ਜੁਲਾਈ
ਕੇਂਦਰੀ ਦਿੱਲੀ ਦੇ ਕਰੋਲ ਬਾਗ ਸਥਿਤ ਵਿਸ਼ਾਲ ਮੈਗਾ ਮਾਰਟ ਵਿੱਚ ਕੱਲ੍ਹ ਸ਼ਾਮ ਅੱਗ ਲੱਗਣ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ। ਪੁਲੀਸ ਅਨੁਸਾਰ ਕੁਮਾਰ ਧਿਰੇਂਦਰ ਪ੍ਰਤਾਪ (25) ਦੀ ਲਾਸ਼ ਲਿਫ਼ਟ ਦੇ ਅੰਦਰੋਂ ਮਿਲੀ ਹੈ ਤੇ ਉਸ ਦੀ ਮੌਤ ਦਮ ਘੁੱਟਣ ਕਾਰਨ ਹੋਈ ਲੱਗਦੀ ਹੈ। ਇਸ ਦੌਰਾਨ ਇਮਾਰਤ ਵਿੱਚ ਅੱਗ ਬੁਝਾਉਂਦੇ ਸਮੇਂ ਦੂਜੇ ਵਿਅਕਤੀ ਦੀ ਸੜੀ ਹੋਈ ਲਾਸ਼ ਮਿਲੀ। ਲਾਸ਼ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲੀਸ ਅਨੁਸਾਰ ਕੱਲ੍ਹ ਸ਼ਾਮ 6:51 ਵਜੇ ਧਿਰੇਂਦਰ ਲਿਫਟ ਦੇ ਅੰਦਰੋਂ ਆਪਣੇ ਵੱਡੇ ਭਰਾ ਨੂੰ ਲਗਾਤਾਰ ਸੁਨੇਹੇ ਭੇਜਦਾ ਰਿਹਾ ਕਿ ਉਹ ਕਰੋਲ ਬਾਗ ਮੈਗਾ ਮਾਰਟ ਦੀ ਲਿਫਟ ਵਿੱਚ ਹੈ। ਉਸ ਦਾ ਉਸ ਦਾ ਆਖਰੀ ਸੁਨੇਹਾ ਸੀ, ‘‘ਹੁਣ ਮੈਨੂੰ ਸਾਹ ਨਹੀਂ ਆ ਰਿਹਾ ਕੁਝ ਕਰੋ।’’ ਇਸ ਤੋਂ ਬਾਅਦ ਕੋਈ ਮੈਸੇਜ ਨਹੀਂ ਆਇਆ। ਦਿੱਲੀ ਪੁਲੀਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੱਲ੍ਹ ਸ਼ਾਮ ਲਗਪਗ 6.44 ਵਜੇ ਪਦਮ ਸਿੰਘ ਰੋਡ ਸਥਿਤ ਇੱਕ ਚਾਰ ਮੰਜ਼ਿਲਾ ਇਮਾਰਤ ਦੀ ਦੂਜੀ ਮੰਜ਼ਿਲ ’ਤੇ ਅੱਗ ਲੱਗਣ ਦੀ ਸੂਚਨਾ ਮਿਲੀ, ਜਿੱਥੇ ਵਿਸ਼ਾਲ ਮੈਗਾ ਮਾਰਟ ਦਾ ਆਊਟਲੈੱਟ ਹੈ। ਅੱਗ ਇਮਾਰਤ ਦੀ ਦੂਜੀ ਮੰਜ਼ਿਲ ਵਿੱਚ ਹੀ ਫੈਲੀ। ਅਧਿਕਾਰੀਆਂ ਨੇ ਕਿਹਾ ਕਿ ਅੱਗ ’ਤੇ ਕਾਬੂ ਪਾਉਣ ਲਈ ਕੁੱਲ 13 ਫਾਇਰ ਇੰਜਣ ਮੌਕੇ ’ਤੇ ਭੇਜੇ ਗਏ ਸਨ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਮਾਰਤ ਵਿੱਚ ਲੋੜੀਂਦੀ ਹਵਾਦਾਰੀ ਦੀ ਘਾਟ ਕਾਰਨ ਅੱਗ ਬੁਝਾਉਣ ਦੇ ਕੰਮ ਵਿੱਚ ਕਾਫ਼ੀ ਸਮਾਂ ਲੱਗਿਆ। ਉਨ੍ਹਾਂ ਦੱਸਿਆ ਕਿ ਅੱਗ ਬੁਝਾਊ ਟੀਮ ਵਿਚ 90 ਮੁਲਾਜ਼ਮ ਸ਼ਾਮਲ ਸਨ। ਹਾਲਾਂਕਿ ਅੱਗ ਲੱਗਣ ਦੇ ਸਹੀ ਕਾਰਨਾਂ ਦੀ ਪੁਸ਼ਟੀ ਨਹੀਂ ਹੋ ਸਕੀ, ਪਰ ਸ਼ੁਰੂਆਤੀ ਜਾਂਚ ਵਿੱਚ ਸ਼ਾਰਟ ਸਰਕਟ ਦਾ ਸ਼ੱਕ ਹੈ। ਪੁਲੀਸ ਨੇ ਕਿਹਾ ਕਿ ਇਸ ਸਬੰਧ ਵਿੱਚ ਮਾਮਲਾ ਦਰਜ ਕੀਤਾ ਜਾਵੇਗਾ।