ਰਤਨ ਸਿੰਘ ਢਿੱਲੋਂ
ਅੰਬਾਲਾ, 26 ਸਤੰਬਰ
ਡੇਂਗੂ ਦੇ ਕਹਿਰ ਨੇ ਸ਼ਹਿਰ ਵਿਚ ਇੱਕੋ ਪਰਿਵਾਰ ਦੇ ਦੋ ਪੁੱਤ ਖੋਹ ਲਏ। ਐਤਵਾਰ ਨੂੰ ਪਿਤਾ ਨੇ ਵੱਡੇ ਪੁੱਤਰ ਸਮਰ ਸਾਹੂ ਦਾ ਸਸਕਾਰ ਕੀਤਾ ਸੀ ਅਤੇ ਸੋਮਵਾਰ ਸਵੇਰੇ 5 ਵਜੇ ਛੋਟੇ ਸਾਰਥਕ ਦੀ ਵੀ ਮੌਤ ਹੋ ਗਈ। ਪਰਿਵਾਰ ਨੂੰ ਦੋਵਾਂ ਦੀ ਮੌਤ ਡੇਂਗੂ ਕਾਰਨ ਹੋਣ ਦਾ ਸ਼ੱਕ ਹੈ। ਹਾਲਾਂਕਿ, ਸਿਹਤ ਵਿਭਾਗ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਅੰਬਾਲਾ ਵਿਚ ਇਸ ਸੀਜ਼ਨ ਦੀ ਇਹ ਪਹਿਲੀ ਵੱਡੀ ਘਟਨਾ ਹੈ। ਜਾਣਕਾਰੀ ਅਨੁਸਾਰ ਬਲਦੇਵ ਨਗਰ ਖੇਤਰ ਦੇ ਸੁਭਾਸ਼ ਨਗਰ ਵਿਚ ਲੰਘੇ ਸ਼ੁੱਕਰਵਾਰ 9 ਸਾਲਾ ਸਮਰ ਦੇ ਢਿੱਡ ਵਿਚ ਅਚਾਨਕ ਦਰਦ ਹੋਣ ਲੱਗਿਆ। ਪਰਿਵਾਰ ਨੇ ਸਿਵਲ ਹਸਪਤਾਲ ਤੋਂ ਬਾਅਦ ਉਸ ਨੂੰ ਅੰਬਾਲਾ ਛਾਉਣੀ ਸਿਵਲ ਹਸਪਤਾਲ ਲਿਆਂਦਾ। ਬੱਚੇ ਦੇ ਪਿਤਾ ਸੁਮਿਤ ਸਾਹੂ ਨੇ ਦੱਸਿਆ ਕਿ ਛਾਉਣੀ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਬੱਚੇ ਨੂੰ ਦੋ ਘੰਟੇ ਬਾਅਦ ਚੰਡੀਗੜ੍ਹ ਰੈਫਰ ਕਰ ਦਿੱਤਾ। ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ’ਚ ਸਮਰ ਨੇ ਸ਼ਨਿਚਰਵਾਰ ਸ਼ਾਮ 5 ਵਜੇ ਦਮ ਤੋੜ ਦਿੱਤਾ। ਅਜੇ 18 ਸਤੰਬਰ ਨੂੰ ਹੀ ਪਰਿਵਾਰ ਨੇ ਸਮਰ ਦਾ ਜਨਮ ਦਿਨ ਮਨਾਇਆ ਸੀ।
ਸੁਮਿਤ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਚੰਡੀਗੜ੍ਹ ਵਿੱਚ ਦੋਵੇਂ ਪੁੱਤਰਾਂ ਦਾ ਇਲਾਜ ਚੱਲ ਰਿਹਾ ਸੀ। ਇਲਾਜ ਦੇ ਬਾਵਜੂਦ ਛੋਟੇ ਦੀ ਹਾਲਤ ਵਿਗੜਦੀ ਗਈ ਅਤੇ ਸੋਮਵਾਰ ਸਵੇਰੇ 5 ਵਜੇ ਉਸ ਨੇ ਵੀ ਇਲਾਜ ਦੌਰਾਨ ਦਮ ਤੋੜ ਦਿੱਤਾ। ਸਿਵਲ ਸਰਜਨ ਡਾ. ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਜ਼ਿਲ੍ਹੇ ਵਿਚ ਡੇਂਗੂ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ ਪਰ ਉਕਤ ਬੱਚਿਆਂ ਦੀ ਮੌਤ ਨੂੰ ਲੈ ਕੇ ਸ਼ਹਿਰ ਅਤੇ ਛਾਉਣੀ ਦੇ ਸਿਵਲ ਹਸਪਤਾਲਾਂ ਵਿਚ ਡੇਂਗੂ ਦੀ ਪੁਸ਼ਟੀ ਨਹੀਂ ਹੋਈ ਹੈ।