ਭਾਰਤੀ ਸਾਹਿਤ ਅਕੈਡਮੀ ਵੱਲੋਂ ਤਿੰਨ ਰੋਜ਼ਾ ਅਨੁਵਾਦ ਵਰਕਸ਼ਾਪ
ਪੁੱਤਰ ਪ੍ਰੇਰਕ
ਨਵੀਂ ਦਿੱਲੀ, 2 ਜੁਲਾਈ
ਭਾਰਤੀ ਸਾਹਿਤ ਅਕੈਡਮੀ ਵੱਲੋਂ ਅਨੁਵਾਦ ਦੀ ਤਿੰਨ ਰੋਜ਼ਾ ਵਰਕਸ਼ਾਪ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਦੇਸ਼ ਭਰ ਦੇ ਲੇਖਕਾਂ ਦੀਆਂ ਕਹਾਣੀਆਂ ਪੰਜਾਬੀ ਤੋਂ ਅੰਗਰੇਜ਼ੀ ਅਤੇ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ ਕੀਤੀਆਂ ਜਾ ਰਹੀਆਂ ਹਨ। ਅਕੈਡਮੀ ਦੇ ਪੰਜਾਬੀ ਸਲਾਹਕਾਰ ਬੋਰਡ ਦੇ ਕਨਵੀਨਰ ਡਾ. ਰਵੇਲ ਸਿੰਘ ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਪੰਜਾਬੀ ਦੀਆਂ 15 ਕਹਾਣੀਆਂ ਅਤੇ ਅੰਗਰੇਜ਼ੀ ਦੀਆਂ 24 ਕਹਾਣੀਆਂ ਦਾ ਅਨੁਵਾਦ ਮਾਹਿਰ ਅਨੁਵਾਦਕਾਂ ਵੱਲੋਂ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਅਨੁਵਾਦਕਾਂ ਵਿੱਚ ਡਾ. ਵਨੀਤਾ, ਬਲਬੀਰ ਮਾਧੋਪੁਰੀ, ਪੰਜਾਬੀ ਸਾਹਿਤ ਸਭਾ ਦੇ ਡਾਇਰੈਕਟਰ ਕੇਸਰਾ ਰਾਮ, ਅਮਨਪ੍ਰੀਤ ਸਿੰਘ ਗਿੱਲ, ਹਿਨਾ ਨਾਂਦਰਾਯੋਗ, ਮਾਧੁਰੀ ਚਾਵਲਾ, ਸੁਸ਼ਮਿੰਦਰ ਕੌਰ, ਗੁਨਤੇਸ਼ ਤੁਲਸੀ, ਜਿਓਤੀ ਅਰੋੜਾ, ਹਰਤੇਜ ਕੌਰ ਅਤੇ ਹੋਰ ਅਨੁਵਾਦਿਕ ਸ਼ਾਮਲ ਹਨ। ਪੰਜਾਬੀ ਦੇ ਲੇਖਕਾਂ ਜਿੰਦਰ, ਸੁਖਜੀਤ, ਕੇਸਰਾ ਰਾਮ, ਸੁਰਿੰਦਰ ਨੀਰ, ਸਰਬਜੀਤ ਸੋਹਲ, ਦੀਪਤੀ ਬਾਬੂਤਾ, ਦਿਓਲ ਅਤੇ ਹੋਰ ਕਹਾਣੀਕਾਰਾਂ ਦੀਆਂ ਰਚਨਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਅੰਗਰੇਜ਼ੀ ਵਿੱਚ ਮੁਲਕ ਰਾਜ ਆਨੰਦ, ਖੁਸ਼ਵੰਤ ਸਿੰਘ, ਰਸਕਿਨ ਬਾਂਡ, ਕੇਕੀ ਦਾਰੂਵਾਲਾ, ਆਰਕੇ ਨਰਾਇਣ, ਅਨੀਤਾ ਮਹਿਤਾ ਅਤੇ ਜੈਅੰਤ ਮਹਾਪਾਤਰਾ ਸਣੇ ਹੋਰ ਉੱਘੇ ਲੇਖਕਾਂ ਦੀਆਂ ਕਹਾਣੀਆਂ ਸ਼ਾਮਲ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵਰਕਸ਼ਾਪ ਵਿੱਚ ਪੰਜਾਬੀ ਦੇ ਨਵੇਂ ਮੁਹਾਂਦਰੇ ਦੀਆਂ ਕਹਾਣੀਆਂ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਵਰਕਸ਼ਾਪ ਦੇ ਕੋਆਰਡੀਨੇਟਰ ਡਾਕਟਰ ਰਵੇਲ ਸਿੰਘ ਅਤੇ ਪ੍ਰੋ. ਮਾਲਾ ਸ੍ਰੀ ਲਾਲ ਹਨ। ਅਕੈਡਮੀ ਦੇ ਕਾਨਫਰੰਸ ਹਾਲ ਵਿੱਚ ਚੱਲ ਰਹੀ ਇਸ ਵਰਕਸ਼ਾਪ ਦੌਰਾਨ ਡਾ. ਵਨੀਤਾ ਅਤੇ ਸ੍ਰੀ ਮਧੋਪੁਰੀ ਨੇ ਕਿਹਾ ਕਿ ਅਨੁਵਾਦ ਕੀਤੀਆਂ ਰਚਨਾਵਾਂ ਵੱਖ-ਵੱਖ ਖਿੱਤਿਆਂ ਦੇ ਪਾਠਕਾਂ ਨੂੰ ਆਪਸ ਵਿੱਚ ਜੋੜਦੀਆਂ ਹਨ।