ਪੱਤਰ ਪ੍ਰੇਰਕ
ਰਤੀਆ, 20 ਸਤੰਬਰ
ਕਰਨਾਲ ਦੇ ਹੁੱਡਾ ਗਰਾਊਂਡ ਸੈਕਟਰ-12 ਵਿਚ 8 ਅਕਤੂਬਰ ਹੋਣ ਵਾਲੀ ਹਰਿਆਣਾ ਦੇ ਮਜ਼ਦੂਰਾਂ ਦੀ ਲਲਕਾਰ ਰੈਲੀ ਨੂੰ ਲੈ ਕੇ ਸੀਟੂ ਅਤੇ ਖੇਤ ਮਜ਼ਦੂਰ ਯੂਨੀਅਨ ਬਲਾਕ ਰਤੀਆ ਦੀ ਕਨਵੈਨਸ਼ਨ ਸੀਟੂ ਦੇ ਪ੍ਰਧਾਨ ਜਸਵੀਰ ਸਿੰਘ ਅਤੇ ਖੇਤ ਮਜ਼ਦੂਰ ਯੂਨੀਅਨ ਦੇ ਬਲਜੀਤ ਸਿੰਘ ਲਾਲੀ ਦੀ ਪ੍ਰਧਾਨਗੀ ਹੇਠ ਹੋਈ। ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਰਾਮ ਕੁਮਾਰ ਬਹਿਬਲਪੁਰੀਆ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਵੱਡੇ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਮਿਹਨਤਕਸ਼ ਜਨਤਾ ਦੀ ਜੇਬ ’ਤੇ ਡਾਕਾ ਮਾਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੀ ਵਾਅਦਾਖਿਲਾਫੀ ਵਿਰੁੱਧ ਮਿਹਨਤਕਸ਼ ਜਨਤਾ ਸੜਕਾਂ ’ਤੇ ਸੰਘਰਸ਼ ਕਰ ਰਹੀ ਹੈ ਅਤੇ ਸਰਕਾਰ ਸੱਤਾ ਦੇ ਨਸ਼ੇ ਵਿਚ ਚੂਰ-ਚੂਰ ਹੋ ਕੇ ਗੱਲਬਾਤ ਕਰਨ ਨੂੰ ਵੀ ਤਿਆਰ ਨਹੀਂ ਹਨ। ਉਨ੍ਹਾਂ ਦੱਸਿਆ ਕਿ ਕਰਨਾਲ ਵਿਚ ਹੋਣ ਵਾਲੀ ਹਰਿਆਣਾ ਦੇ ਮਜ਼ਦੂਰਾਂ ਦੀ ਲਲਕਾਰ ਰੈਲੀ ਇਤਿਹਾਸਕ ਰੈਲੀ ਹੋਵੇਗੀ ਅਤੇ ਇਸ ਰੈਲੀ ਵਿਚ ਸੂਬੇ ਭਰ ’ਚੋਂ ਹਜ਼ਾਰਾਂ ਦੀ ਗਿਣਤੀ ਵਿਚ ਮਜ਼ਦੂਰ ਪਹੁੰਚ ਕੇ ਸਰਕਾਰ ਅੱਗੇ ਆਰ ਪਾਰ ਦੀ ਲੜਾਈ ਲੜਨ ਦਾ ਐਲਾਨ ਕਰਨਗੇ। ਉਨ੍ਹਾਂ ਅੱਜ ਦੀ ਕਨਵੈਨਸ਼ਨ ਦੌਰਾਨ ਸਬੰਧਤ ਰੈਲੀ ਨੂੰ ਲੈ ਕੇ ਜਨ ਸੰਪਰਕ ਅਭਿਆਨ ਚਲਾਉਣ ਲਈ ਪ੍ਰਤੀਨਿਧੀਆਂ ਦੀਆਂ ਡਿਊਟੀਆਂ ਲਗਾਈਆਂ। ਉਨ੍ਹਾਂ ਅੱਜ ਦੀ ਮੀਟਿੰਗ ਦੌਰਾਨ ਆਸ਼ਾ ਵਰਕਰ, ਮਿੱਡ-ਡੇਅ ਮੀਲ ਤੋਂ ਇਲਾਵਾ ਆਂਗਣਵਾੜੀ ਦੇ ਨਾਲ-ਨਾਲ ਸਫ਼ਾਈ ਕਰਮਚਾਰੀ, ਭਵਨ ਨਿਰਮਾਣ ਦੇ ਮਜ਼ਦੂਰ ਅਤੇ ਕਾਰੀਗਰਾਂ ਦੀਆਂ ਸਮੱਸਿਆਵਾਂ ਨੂੰ ਵੀ ਪ੍ਰਮੁੱਖਤਾ ਨਾਲ ਉਠਾਇਆ। ਇਸ ਮੌਕੇ ਖੇਤ ਮਜ਼ਦੂਰ ਦੇ ਪ੍ਰਤੀਨਿਧੀ ਰਾਮਚੰਦਰ ਸਹਿਨਾਲ, ਬੀਰਬਲ ਸਹਿਨਾਲ, ਆਸ਼ਾ ਵਰਕਰ ਵੀਨਾ ਰਾਣੀ, ਕਮਲਦੀਪ ਕੌਰ ਆਦਿ ਹਾਜ਼ਰ ਸਨ।