ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ/ਕੈਥਲ, 25 ਸਤੰਬਰ
ਇੰਡੀਅਨ ਨੈਸ਼ਨਲ ਲੋਕ ਦਲ ਨੇ ਅੱਜ ਕੈਥਲ ਦੀ ਅਨਾਜ ਮੰਡੀ ਵਿੱਚ ਚੌਧਰੀ ਦੇਵੀ ਲਾਲ ਦੀ 110ਵੀਂ ਜੈਅੰਤੀ ’ਤੇ ਕਰਵਾਏ ‘ਸਨਮਾਨ ਦਿਵਸ’ ਮੌਕੇ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੇ ਕਿਹਾ ਕਿ ਜੋ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਨਹੀਂ ਦੇ ਸਕਦੀ ਉਸ ਨੂੰ ਸੱਤਾ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਰਾਜ ਵਿੱਚ ਇਨੈਲੋ ਦੀ ਸਰਕਾਰ ਬਣੇਗੀ।
ਉਨ੍ਹਾਂ ਕਿਹਾ ਕਿ ਇਨੈਲੋ ਦੀ ਸਰਕਾਰ ਬਣਨ ’ਤੇ ਹਰ ਘਰ ਵਿੱਚ ਬਜ਼ੁਰਗਾਂ ਨੂੰ 7500 ਰੁਪਏ ਮਾਸਿਕ ਪੈਨਸ਼ਨ ਦੇਣ ਤੋਂ ਇਲਾਵਾ ਹਰ ਘਰ ਵਿੱਚ ਹਰ ਮਹੀਨੇ ਇੱਕ ਸਿਲੰਡਰ ਅਤੇ 1100 ਰੁਪਏ ਦਿੱਤੇ ਜਾਣਗੇ। ਹਰ ਬੱਚੇ ਨੂੰ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ। ਹਰ ਨੌਜਵਾਨ ਨੂੰ ਨੌਕਰੀ ਦਿੱਤੀ ਜਾਵੇਗੀ ਅਤੇ ਬੇਰੁਜ਼ਗਾਰਾਂ ਨੂੰ 21 ਹਜ਼ਾਰ ਰੁਪਏ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ। ਸ੍ਰੀ ਚੌਟਾਲਾ ਨੇ ਕਿਹਾ ਕਿ ਉਹ ਅਭੈ ਸਿੰਘ ਨੂੰ ਤੁਹਾਨੂੰ ਸੌਂਪਦੇ ਹਨ। ਇਸ ਦੇ ਹੱਥ ਮਜ਼ਬੂਤ ਕਰੋ ਅਤੇ ਕਾਮਯਾਬ ਬਣਾਓ। ਰੈਲੀ ਵਿੱਚ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲ੍ਹਾ, ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਜਨਤਾ ਦਲ ਯੂਨਾਈਟਿਡ ਦੇ ਮੁਖੀ ਅਤੇ ਇੰਡੀਆ ਗੱਠਜੋੜ ਦੇ ਰਿਸਰਚ ਕਮੇਟੀ ਦੇ ਮੈਂਬਰ ਕੇ.ਸੀ. ਤਿਆਗੀ, ਤ੍ਰਿਣਮੂਲ ਕਾਂਗਰਸ ਦੇ ਰਾਜ ਸਭਾ ਮੈਂਬਰ ਡੈਰੇਕ ਓ’ਬਰਾਇਨ, ਸਾਬਕਾ ਕੇਂਦਰੀ ਮੰਤਰੀ ਚੌਧਰੀ ਬੀਰੇਂਦਰ ਸਿੰਘ, ਐੱਨਸੀਪੀ ਨੇਤਾ ਸਾਹਿਲ ਸਦਿਕੀ, ਭੀਮ ਆਰਮੀ ਦੇ ਕੌਮੀ ਪ੍ਰਧਾਨ ਚੰਦਰਸ਼ੇਖਰ ਰਾਵਣ, ਰਾਸ਼ਟਰਵਾਦੀ ਜਨਲੋਕ ਪਾਰਟੀ ਦੇ ਮੁਖੀ ਸ਼ੇਰ ਸਿੰਘ ਰਾਣਾ, ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਲਵਿੰਦਰ ਸਿੰਘ ਭੂੰਦੜ ਤੇ ਪ੍ਰੇਮ ਸਿੰਘ ਚੰਦੂਮਾਜਰਾ ਸ਼ਾਮਲ ਸਨ।
ਹਰਿਆਣਾ ਨਿਭਾਏਗਾ ਤਬਦੀਲੀ ਵਿੱਚ ਅਹਿਮ ਭੂਮਿਕਾ: ਅਭੈ ਚੌਟਾਲਾ
ਇਨੈਲੋ ਦੇ ਰਾਸ਼ਟਰੀ ਪ੍ਰਧਾਨ ਚੌਧਰੀ ਅਭੈ ਸਿੰਘ ਚੌਟਾਲਾ ਨੇ ਰੈਲੀ ਦੌਰਾਨ ਕਿਹਾ ਕਿ ਚੌਧਰੀ ਦੇਵੀ ਲਾਲ ਨੇ ‘ਲੋਕਰਾਜ ਲੋਕਲਾਜ ਤੋਂ ਚੱਲਦਾ ਹੈ’ ਨਾਅਰਾ ਦਿੱਤਾ ਅਤੇ ਅੱਜ ਹਾਲਤ ਇਹ ਹੈ ਕਿ ਮੌਜੂਦਾ ਸਰਕਾਰ ਦਾ ਨਾ ਤਾਂ ਲੋਕਰਾਜ ਵਿੱਚ ਭਰੋਸਾ ਹੈ ਅਤੇ ਨਾ ਹੀ ਲੋਕ ਲਾਜ ਵਿੱਚ। ਉਨ੍ਹਾਂ ਕਿਹਾ ਕਿ ਅੱਜ ਦੇ ਇਕੱਠ ਨੇ ਇਸ ਗੱਲ ’ਤੇ ਮੋਹਰ ਲਾ ਦਿੱਤੀ ਕਿ ਹਰਿਆਣਾ ਇੱਕ ਵਾਰ ਫਿਰ ਤੋਂ ਤਬਦੀਲੀ ਦੀ ਭੂਮਿਕਾ ਨਿਭਾਏਗਾ। ਹਰਿਆਣਾ ਨੇ ਪਹਿਲਾਂ ਵੀ ਦੇਸ਼ ਵਿੱਚ ਬਦਲਾਅ ਵਿੱਚ ਵੱਡੀ ਭੂਮਿਕਾ ਨਿਭਾਈ ਹੈ ਅਤੇ ਹਰਿਆਣਾ ਅਜਿਹਾ ਹੀ ਰੋਲ ਅਦਾ ਕਰੇਗਾ।