ਰਾਜਧਾਨੀ ਨੂੰ ਤਾਰਾਂ ਤੋਂ ਮੁਕਤ ਕੀਤਾ ਜਾ ਰਿਹੈ: ਮੁੱਖ ਮੰਤਰੀ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 12 ਜੁਲਾਈ
ਮੁੱਖ ਮੰਤਰੀ ਰੇਖਾ ਗੁਪਤਾ ਨੇ ਦਿੱਲੀ ਨੂੰ ਬਿਜਲੀ ਦੀਆਂ ਤਾਰਾਂ ਦੇ ਜਾਲਾਂ ਤੋਂ ਮੁਕਤ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਵਾਅਦਾ ਕੀਤਾ ਕਿ ਰਾਜਧਾਨੀ ਵਿੱਚ ਇੱਕ ਵੀ ਤਾਰ ਦਿਖਾਈ ਨਹੀਂ ਦੇਵੇਗੀ ਕਿਉਂਕਿ ਦਿੱਲੀ ਸਰਕਾਰ ਤਾਰਾਂ ਨੂੰ ਅੰਡਰਗਰਾਊਂਡ ਕਰਨਾ ਚਾਹੁੰਦੀ ਹੈ।
ਮੰਤਰੀ ਆਸ਼ੀਸ਼ ਸੂਦ ਨੇ ਕਿਹਾ ਕਿ ਸਰਕਾਰ ਦਿੱਲੀ ਦੇ ਬਿਜਲੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਓਵਰਹੈੱਡ ਤਾਰਾਂ ਕਾਰਨ ਹੋਣ ਵਾਲੇ ਖ਼ਤਰਿਆਂ ਨੂੰ ਘਟਾਉਣ ਲਈ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਸ਼ਾਲੀਮਾਰ ਬਾਗ ਵਿੱਚ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ, ਜਿਸ ਵਿੱਚ ਓਵਰਹੈੱਡ ਤਾਰਾਂ ਨੂੰ ਜ਼ਮੀਨਦੋਜ਼ ਬਿਜਲੀ ਨੈੱਟਵਰਕ ਵਿੱਚ ਬਦਲਣ ਦਾ ਇੱਕ ਪਾਇਲਟ ਪ੍ਰਾਜੈਕਟ ਵੀ ਸ਼ਾਮਲ ਹੈ। ਉਦਘਾਟਨ ਜਨਤਾ ਫਲੈਟਸ ਖੇਤਰ ਵਿੱਚ ਹੋਇਆ, ਜਿੱਥੇ ਮੁੱਖ ਮੰਤਰੀ ਰੇਖਗਾ ਗੁਪਤਾ, ਮੰਤਰੀ ਆਸ਼ੀਸ਼ ਸੂਦ ਨਾਲ ਸ਼ਾਮਲ ਹੋਏ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਰਾਸ਼ਟਰੀ ਰਾਜਧਾਨੀ ਨੂੰ ਓਵਰਹੈੱਡ ਤਾਰਾਂ ਤੋਂ ਮੁਕਤ ਬਣਾਉਣਾ ਹੈ। ਦਿੱਲੀ ਖ਼ਾਸ ਕਰਕੇ ਪੁਰਾਣੀ ਦਿੱਲੀ ਦੇ ਇਲਾਕਿਆਂ ਵਿੱਚ ਤਾਰਾਂ ਦੇ ਗੁੱਛੇ ਦਿਖਾਈ ਦਿੰਦੇ ਹਨ ਜਿਨ੍ਹਾਂ ਵਿੱਚ ਚਿੰਗਾੜੀ ਭੜਕਣ ਨਾਲ ਅੱਗ ਲੱਗਣ ਦੀਆਂ ਅਨੇਕਾਂ ਘਟਨਾਵਾਂ ਬੀਤੇ ਸਾਲਾਂ ਦੌਰਾਨ ਵਾਪਰ ਚੁੱਕੀਆਂ ਹਨ। ਸਦਰ ਬਾਜ਼ਾਰ ਦੇ ਦੁਕਾਨਦਾਰਾਂ ਵੱਲੋਂ ਦਸ ਸਾਲਾਂ ਤੋਂ ਇਹ ਮੁੱਦਾ ਉਠਾਇਆ ਜਾਂਦਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਓਵਰਹੈੱਡ ਤਾਰਾਂ ਨੂੰ ਜ਼ਮੀਨਦੋਜ਼ ਬਣਾਉਣਾ ਦਿੱਲੀ ਲਈ ਇੱਕ ਪਾਇਲਟ ਪ੍ਰਾਜੈਕਟ ਹੈ। ਸਰਕਾਰ ਦਿੱਲੀ ਦੇ ਲੋਕਾਂ ਨੂੰ ਇੱਕ ਨਵੀਂ ਸਹੂਲਤ ਦੇਣ ਦਾ ਕਰਨ ਲਈ ਕੰਮ ਕਰ ਰਹੀ ਹੈ... ਇੱਕ ਸਮਾਂ ਆਵੇਗਾ ਜਦੋਂ ਦਿੱਲੀ ਵਿੱਚ ਇੱਕ ਵੀ ਤਾਰ ਦਿਖਾਈ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਲਈ ਦਿੱਲੀ ਨੂੰ ਇੱਕ ਹੋਰ ਤੋਹਫ਼ਾ ਦਿੰਦੇ ਹੋਏ ਬਜਟ ਵਿੱਚ 100 ਕਰੋੜ ਰੁਪਏ ਅਲਾਟ ਕੀਤੇ। ਇੱਥੇ ਗਲੀਆਂ ਇੰਨੀਆਂ ਤੰਗ ਹਨ ਕਿ ਦੋ ਸਕੂਟਰ ਵੀ ਇੱਕੋ ਸਮੇਂ ਨਾਲ-ਨਾਲ ਨਹੀਂ ਲੰਘ ਸਕਦੇ। ਹੁਣ ਲੋਕ ਨੀਲੇ ਅਸਮਾਨ ਨੂੰ ਦੇਖ ਸਕਣਗੇ। ਮੰਤਰੀ ਆਸ਼ੀਸ਼ ਸੂਦ ਨੇ ਕਿਹਾ ਕਿ ਦਿੱਲੀ ਸਰਕਾਰ ਕੋਲ ਪੂੰਜੀ ਖਰਚ ਦੇ ਨਾਮ ‘ਤੇ ਜ਼ੀਰੋ ਫੰਡ ਸਨ। ਹੌਲੀ-ਹੌਲੀ ਦਿੱਲੀ ਦੇ ਬਿਜਲੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਭਾਰੀ ਬਾਰਿਸ਼ ਤੋਂ ਬਾਅਦ ਵੀਰਵਾਰ ਨੂੰ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਖੜ੍ਹੇ ਪਾਣੀ ’ਤੇ ਵੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਸਖ਼ਤ ਨਿਰਦੇਸ਼ ਜਾਰੀ ਕੀਤੇੇ। ਮੁੱਖ ਮੰਤਰੀ ਨੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਭਾਰੀ ਮੀਂਹ ਦੇ ਬਾਵਜੂਦ, ਇਸ ਵਾਰ ਮਿੰਟੋ ਰੋਡ ਅਤੇ ਆਈਟੀਓ ਕਰਾਸਿੰਗਾਂ ’ਤੇ ਪਾਣੀ ਨਹੀਂ ਭਰਿਆ।