ਸ਼ੱਕ ਬਣਿਆ ਮਾਂ ਪੁੱਤ ਦੇ ਕਤਲ ਦਾ ਕਾਰਨ
ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਜੁਲਾਈ
ਉੱਤਰਾਖੰਡ ਦੇ ਹਲਦਵਾਨੀ ਦੇ ਇੱਕ ਵਿਅਕਤੀ ਨੂੰ ਦਿੱਲੀ ਪੁਲੀਸ ਨੇ ਆਪਣੇ ਸਾਬਕਾ ਸਾਥੀ ਅਤੇ ਇੱਕ ਬੱਚੇ ਦੀ ਹੱਤਿਆ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਸ਼ੱਕ ਸੀ ਕਿ ਔਰਤ ਦੇ ਕਿਸੇ ਹੋਰ ਨਾਲ ਪ੍ਰੇਮ ਸਬੰਧ ਸੀ ਅਤੇ ਉਸ ਨੇ ਬਿਨਾਂ ਦੱਸੇ ਆਪਣੇ ਬੱਚੇ ਦਾ ਗਰਭਪਾਤ ਕਰਵਾ ਦਿੱਤਾ ਸੀ। ਪੁਲੀਸ ਨੇ ਕਿਹਾ ਕਿ ਇਹ ਅਪਰਾਧ ਕਥਿਤ ਤੌਰ ‘ਤੇ ਦਿੱਲੀ ਦੇ ਮਜਨੂੰ ਕਾ ਟੀਲਾ ਖੇਤਰ ਵਿੱਚ ਕੀਤਾ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਮੁਲਜ਼ਮ ਨਿਖਿਲ ਅਤੇ ਪੀੜਤਾ ਸੋਨਲ ਦਾ ਇੱਕ ਬੱਚਾ ਸੀ ਜੋ ਉਨ੍ਹਾਂ ਨੇ ਕਥਿਤ ਤੌਰ ‘ਤੇ ਉੱਤਰਾਖੰਡ ਦੇ ਅਲਮੋੜਾ ਵਿੱਚ ਕਿਸੇ ਨੂੰ 2 ਲੱਖ ਰੁਪਏ ਵਿੱਚ ਦੇ ਦਿੱਤਾ ਸੀ। ਨਿਖਿਲ ਅਤੇ ਸੋਨਲ ਜੋ 2023 ਵਿੱਚ ਇੱਕ ਦੂਜੇ ਦੇ ਨੇੜੇ ਹੋਏ ਸਨ, ਵਿੱਤੀ ਤੰਗੀਆਂ ਦਾ ਸਾਹਮਣਾ ਕਰਨ ਤੋਂ ਬਾਅਦ ਦਿੱਲੀ ਚਲੇ ਗਏ। ਨਿਖਿਲ ਨੂੰ ਸ਼ੱਕ ਹੋਇਆ ਕਿ ਸੋਨਲ ਦੇ ਦੁਰਗੇਸ਼ ਨਾਲ ਨਾਜਾਇਜ਼ ਸਬੰਧ ਸਨ। ਡਿਪਟੀ ਕਮਿਸ਼ਨਰ ਆਫ਼ ਪੁਲੀਸ (ਉੱਤਰੀ) ਰਾਜਾ ਬੰਠੀਆ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਨਿਖਿਲ ਨੇ ਆਪਣਾ ਅਪਰਾਧ ਕਬੂਲ ਕਰ ਲਿਆ। ਉਸ ਨੇ ਕਿਹਾ ਕਿ ਉਹ 2023 ਵਿੱਚ ਹਲਦਵਾਨੀ ਵਿੱਚ ਸੋਨਲ ਨੂੰ ਮਿਲਿਆ ਸੀ ਅਤੇ ਦੋਵੇਂ ਨੇੜੇ ਹੋ ਗਏ। ਅੰਤ ਵਿੱਚ ਸੋਨਲ ਗਰਭਵਤੀ ਹੋ ਗਈ ਅਤੇ ਇੱਕ ਬੱਚੇ ਨੂੰ ਜਨਮ ਦਿੱਤਾ, ਜਿਸ ਨੂੰ ਕਥਿਤ ਤੌਰ ’ਤੇ ਅਲਮੋੜਾ ਵਿੱਚ 2 ਲੱਖ ਰੁਪਏ ਵਿੱਚ ਵੇਚ ਦਿੱਤਾ ਗਿਆ ਸੀ। ਬਾਅਦ ਵਿੱਚ ਵਿੱਤੀ ਤੰਗੀਆਂ ਕਾਰਨ ਇਹ ਜੋੜਾ ਦਿੱਲੀ ਚਲਾ ਗਿਆ ਅਤੇ ਮਜਨੂੰ ਕਾ ਟੀਲਾ ਜਾਣ ਤੋਂ ਪਹਿਲਾਂ ਵਜ਼ੀਰਾਬਾਦ ਵਿੱਚ ਰਿਹਾ।