ਆਧਾਰ ਕਾਰਡ ਅਪਡੇਟ ਨਾ ਹੋਣ ਕਾਰਨ ਵਿਦਿਆਰਥੀ ਪ੍ਰੇਸ਼ਾਨ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 10 ਜੁਲਾਈ
ਯੂਟੀ ਦੇ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਦਾਖਲਿਆਂ ਲਈ ਆਧਾਰ ਕਾਰਡ ਅਪਡੇਟ ਕਰਨ ਨੂੰ ਲਾਜ਼ਮੀ ਕਰਾਰ ਦਿੱਤਾ ਗਿਆ ਹੈ ਪਰ ਯੂਟੀ ਦੇ ਜ਼ਿਆਦਾਤਰ ਕਲੋਨੀਆਂ ਤੇ ਪੈਰੀਫੇਰੀ ਦੇ ਖੇਤਰਾਂ ਵਿਚ ਆਧਾਰ ਕੇਂਦਰਾਂ ਨੂੰ ਅਪਡੇਟ ਕਰਵਾਉਣ ਵਾਲੇ ਕੇਂਦਰਾਂ ’ਤੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦੀਆਂ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ ਜਿਸ ਕਾਰਨ ਉਨ੍ਹਾਂ ਦੇ ਆਧਾਰ ਕਾਰਡ ਅਪਡੇਟ ਨਹੀਂ ਹੋ ਰਹੇ। ਇਸ ਦੀਆਂ ਸ਼ਿਕਾਇਤਾਂ ਚੰਡੀਗੜ੍ਹ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ (ਸੀਸੀਪੀਸੀਆਰ) ਨੂੰ ਵੀ ਮਿਲੀਆਂ ਹਨ ਤੇ ਬਾਲ ਕਮਿਸ਼ਨ ਨੇ ਅੱਜ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਉਹ ਇਸ ਸਮੱਸਿਆ ਦੇ ਹੱਲ ਲਈ ਉਪਰਾਲੇ ਕਰੇ ਤੇ ਸਕੂਲਾਂ ਵਿਚ ਕੈਂਪ ਲਾ ਕੇ ਇਸ ਪ੍ਰਕਿਰਿਆ ਨੂੰ ਸੁਖਾਲਾ ਕੀਤਾ ਜਾਵੇ।
ਸੀਸੀਪੀਸੀਆਰ ਦੀ ਚੇਅਰਪਰਸਨ ਸ਼ਿਪਰਾ ਬਾਂਸਲ ਨੇ ਐਡਵਾਇਜ਼ਰੀ ਵਿਚ ਕਿਹਾ ਹੈ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਆਧਾਰ ਕਾਰਡ ਅਪਡੇਟ ਕਰਵਾਉਣ ਲਈ ਮਾਪੇ ਅਤੇ ਬੱਚੇ ਕਈ ਚੁਣੌਤੀਆਂ ਨਾਲ ਜੂਝ ਰਹੇ ਹਨ। ਆਧਾਰ ਕੇਂਦਰਾਂ ’ਤੇ ਬਹੁਤ ਲੰਬੀਆਂ ਕਤਾਰਾਂ ਰੋਜ਼ਾਨਾ ਲੱਗ ਰਹੀਆਂ ਹਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਕਮਿਸ਼ਨ ਨੇ ਬੱਚਿਆਂ ਦੇ ਹਿੱਤ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਚੇਅਰਪਰਸਨ ਨੇ ਕਿਹਾ ਕਿ ਸਕੂਲਾਂ ਵਿੱਚ ਦਾਖਲਾ ਆਧਾਰ ਅਪਡੇਟ ਕੈਂਪ ਲਾਏ ਜਾਣ, ਭਵਿੱਖ ਵਿਚ ਦਾਖਲੇ ਦੇ ਸੀਜ਼ਨ ਤੋਂ ਪਹਿਲਾਂ ਮਾਪਿਆਂ ਨੂੰ ਇਨ੍ਹਾਂ ਪ੍ਰਬੰਧਾਂ ਬਾਰੇ ਸਮੇਂ ਸਿਰ ਸੂਚਿਤ ਕਰੋ, ਦਸਤਾਵੇਜ਼ਾਂ ਅਤੇ ਤਸਦੀਕ ਪ੍ਰਕਿਰਿਆ ਨੂੰ ਸੁਚਾਰੂ ਬਣਾਇਆ ਜਾਵੇ, ਹੈਲਪਲਾਈਨ ਨੰਬਰ ਜਾਰੀ ਕੀਤੇ ਜਾਣ ਅਤੇ ਨੋਡਲ ਅਫਸਰਾਂ ਦੀ ਨਿਯੁਕਤੀ ਕੀਤੀ ਜਾਵੇ ਤੇ ਆਧਾਰ ਅਪਡੇਟ ਕਰਵਾਉਣ ਲਈ ਹੋਰ ਸਮਾਂ ਦਿੱਤਾ ਜਾਵੇ, ਅਸਥਾਈ ਦਾਖਲੇ ਲਈ ਸਰਕਾਰ ਵਲੋਂ ਜਾਰੀ ਹੋਰ ਫੋਟੋ ਆਈਡੀ, ਜਨਮ ਸਰਟੀਫਿਕੇਟ ਆਰਜ਼ੀ ਤੌਰ ’ਤੇ ਸਵੀਕਾਰ ਕੀਤੇ ਜਾਣ।