ਸਕੂਲ ਪ੍ਰਬੰਧਕਾਂ ਵੱਲੋਂ ਡੀਸੀ ਨੂੰ ਮੰਗ ਪੱਤਰ
ਦਵਿੰਦਰ ਸਿੰਘ
ਹਰਿਆਣਾ ਦੇ ਹਿਸਾਰ ਵਿੱਚ ਗੁਰੂ ਪੂਰਨਿਮਾ ਦੇ ਦਿਨ ਦੋ ਨਾਬਾਲਗ ਵਿਦਿਆਰਥੀਆਂ ਨੇ ਇੱਕ ਪ੍ਰਿੰਸੀਪਲ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਘਟਨਾ ਨੇ ਸੂਬੇ ਭਰ ਦੇ ਅਧਿਆਪਕਾਂ ਅਤੇ ਸਕੂਲ ਪ੍ਰਬੰਧਨ ਨਾਲ ਰੋਸ ਦੀ ਲਹਿਰ ਫੈਲ ਗਈ। ਯਮੁਨਾਨਗਰ ਵਿੱਚ ਅੱਜ ਸਕੂਲ ਸੰਚਾਲਕਾਂ ਨੇ ਡੀਸੀ ਨੂੰ ਮੰਗ ਪੱਤਰ ਸੌਂਪਿਆ, ਜਿਸ ਵਿੱਚ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਪੀੜਤ ਪਰਿਵਾਰ ਦੀ ਲਗਪਗ ਇੱਕ ਕਰੋੜ ਦੀ ਵਿੱਤੀ ਸਹਾਇਤਾ ਦੀ ਮੰਗ ਕੀਤੀ ਗਈ ਹੈ। ਸਕੂਲ ਸੰਚਾਲਕ ਮਨੋਰੰਜਨ ਸਿੰਘ ਸਾਹਨੀ ਨੇ ਯਾਦ ਦਿਵਾਇਆ ਕਿ ਪਹਿਲਾਂ ਵੀ ਯਮੁਨਾਨਗਰ ਵਿੱਚ ਵਿਦਿਆਰਥੀ ਵੱਲੋਂ ਮਹਿਲਾ ਪ੍ਰਿੰਸੀਪਲ ਦੀ ਹੱਤਿਆ ਕੀਤੀ ਗਈ ਸੀ, ਪਰ ਫਿਰ ਵੀ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਉਨ੍ਹਾਂ ਕਿਹਾ ਕਿ ਹਿਸਾਰ ਦੀ ਇਸ ਘਟਨਾ ਨੇ ਸਭ ਨੂੰ ਹਲੂਣ ਕੇ ਰੱਖ ਦਿੱਤਾ ਹੈ ਜਿਸ ਦੇ ਚਲਦਿਆਂ, ਹੁਣ ਸਿੱਖਿਆ ਪ੍ਰਣਾਲੀ ਨੂੰ ਸੁਰੱਖਿਅਤ ਅਤੇ ਜਵਾਬਦੇਹ ਬਣਾਉਣ ਦਾ ਸਮਾਂ ਹੈ। ਜ਼ਿਕਰਯੋਗ ਹੈ ਕਿ ਗੁਰੂ ਪੂਰਨਿਮਾ ਦੇ ਮੌਕੇ ਹਿਸਾਰ ਦੇ ਇੱਕ ਨਿੱਜੀ ਸਕੂਲ ਦੇ ਦੋ ਵਿਦਿਆਰਥੀਆਂ ਨੇ ਪ੍ਰਿੰਸੀਪਲ ਜਗਬੀਰ ਸਿੰਘ ਪੰਨੂ ਨੂੰ ਚਾਕੂ ਮਾਰ ਦਿੱਤਾ, ਪ੍ਰਿੰਸੀਪਲ ਦੀ ਜਿਸ ਦੀ ਮਹਿਜ਼ ਐਨੀ ਹੀ ਗਲਤੀ ਹੀ ਸੀ ਕਿ ਉਹ ਉਨ੍ਹਾਂ ਨੂੰ ਚੰਗੇ ਨਾਗਰਿਕ ਬਣਨ ਲਈ ਵਾਰ-ਵਾਰ ਕਹਿ ਰਿਹਾ ਸੀ। ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ । ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਪ੍ਰਿੰਸੀਪਲ ਨੂੰ ਇਸ ਲਈ ਮਾਰ ਦਿੱਤਾ ਕਿਉਂਕਿ ਉਸ ਨੇ ਲੰਬੇ ਵਾਲਾਂ, ਸਿਗਰਟਾਂ ਅਤੇ ਬੁਰੀਆਂ ਆਦਤਾਂ ’ਤੇ ਪਾਬੰਦੀ ਲਗਾਈ ਸੀ ।